UK News

ਅਫ਼ਗਾਨਿਸਤਾਨ ਸੰਕਟ : 170 ਬਿੱਲੀਆਂ ਅਤੇ ਕੁੱਤਿਆਂ ਨਾਲ ਲੰਡਨ ਪਹੁੰਚਿਆ ਬ੍ਰਿਟਿਸ਼ ਵਿਅਕਤੀ

ਗਲਾਸਗੋ/ਲੰਡਨ

ਅਫ਼ਗਾਨਿਸਤਾਨ ’ਚ ਇੱਕ ਪੂਸ਼ ਸ਼ੈਲਟਰ ਚਲਾਉਂਦਾ ਪੇਨ ਫਾਰਥਿੰਗ ਐਤਵਾਰ ਸਵੇਰੇ 7 ਵਜੇ ਅਫ਼ਗਾਨਿਸਤਾਨ ਤੋਂ ਪ੍ਰਾਈਵੇਟ ਚਾਰਟਰਡ ਫਲਾਈਟ ’ਤੇ 170 ਅਫ਼ਗਾਨ ਕੁੱਤਿਆਂ ਅਤੇ ਬਿੱਲੀਆਂ ਸਮੇਤ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰਿਆ। ਫਾਰਥਿੰਗ ਦੀ ਪਤਨੀ ਕੈਸਾ ਮਾਰਖੁਸ, ਜੋ ਕਾਬੁਲ ’ਚ ਇੱਕ ਨਾਰਵੇਜੀਅਨ ਐੱਨ. ਜੀ. ਓ. ਲਈ ਕੰਮ ਕਰਦੀ ਸੀ, ਹਵਾਈ ਅੱਡੇ ’ਤੇ ਉਸ ਦੀ ਉਡੀਕ ਕਰ ਰਹੀ ਸੀ ਤੇ 20 ਅਗਸਤ ਨੂੰ ਕਾਬੁਲ ਤੋਂ ਆ ਗਈ ਸੀ। ਇਨ੍ਹਾਂ ਜਾਨਵਰਾਂ ਦਾ ਹੀਥਰੋ ਐਨੀਮਲ ਰਿਸੈਪਸ਼ਨ ਸੈਂਟਰ ਵਿਖੇ ਚੈੱਕਅੱਪ ਕੀਤਾ ਗਿਆ, ਵੱਖਰੇ-ਵੱਖਰੇ ਕੁਆਰੰਟਾਈਨ ਸੈਂਟਰਾਂ ’ਚ ਭੇਜ ਦਿੱਤਾ ਗਿਆ ਹੈ, ਜਿਥੇ ਇਨ੍ਹਾਂ ਨੂੰ ਛੇ ਮਹੀਨਿਆਂ ਤੱਕ ਰਹਿਣਾ ਪਵੇਗਾ।

ਫਾਰਥਿੰਗ ਨੇ ਇੱਕ ਬੋਇੰਗ 727 ਜਹਾਜ਼, ਜੋ ਸ਼ਨੀਵਾਰ ਸ਼ਾਮ ਨੂੰ ਕਰਾਚੀ ਤੋਂ ਕਾਬੁਲ ਹਵਾਈ ਅੱਡੇ ਪਹੁੰਚਿਆ ਸੀ, ’ਚ 170 ਪਸ਼ੂਆਂ ਪਰ ਬਿਨਾਂ ਆਪਣੇ ਅਫ਼ਗਾਨੀ ਸਟਾਫ ਦੇ ਨਿਕਲਿਆ। ਇਨ੍ਹਾਂ ਬਚਾਏ ਗਏ ਜਾਨਵਰਾਂ ’ਚ ਬ੍ਰਿਟਿਸ਼ ਦੂਤਘਰ ਸਟਾਫ ਦੀਆਂ ਦੀਆਂ ਬਿੱਲੀਆਂ ਵੀ ਸਨ, ਜਿਨ੍ਹਾਂ ਨੂੰ ਵਿਅਕਤੀਆਂ ਨਾਲ ਉਡਾਣਾਂ ’ਚ ਵਾਪਸੀ ਦੀ ਆਗਿਆ ਨਹੀਂ ਸੀ। ਫਾਰਥਿੰਗ ਨੇ 2007 ’ਚ ਨੋਜ਼ਾਦ ਸ਼ੈਲਟਰ ਨੂੰ ਕੁੱਤਿਆਂ ਦੀ ਪਨਾਹ ਵਜੋਂ ਸ਼ੁਰੂ ਕੀਤਾ ਸੀ। ਉਸ ਵੇਲੇ ਫਾਰਥਿੰਗ ਅਫ਼ਗਾਨਿਸਤਾਨ ’ਚ ਮਰੀਨ ਕਮਾਂਡੋ ਵਜੋਂ ਤਾਇਨਾਤ ਸੀ। ਇਹ ਸ਼ੈਲਟਰ ਫਿਰ ਕਾਬੁਲ ’ਚ ਇੱਕ ਪਸ਼ੂ ਪਨਾਹ, ਪ੍ਰਯੋਗਸ਼ਾਲਾ ਤੇ ਸਰਜਰੀ ਕਲੀਨਿਕ ਦੇ ਰੂਪ ’ਚ ਵਿਕਸਿਤ ਹੋਇਆ, ਜਿਸ ’ਚ ਕਈ ਅਫ਼ਗਾਨੀ ਲੋਕ ਵੀ ਕੰਮ ਕਰਦੇ ਸਨ।