Punjab News

ਅਮਨ ਅਰੋੜਾ ਵੱਲੋਂ ਰਜਿਸਟਰਡ ਕਾਲੋਨੀਆਂ ’ਚ ਸਾਰੀਆਂ ਸਰਕਾਰੀ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਸ਼ਹਿਰਾਂ ‘ਚ ਵਸਨੀਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਅਤੇ ਸ਼ਹਿਰਾਂ ਦੇ ਸਰਵ ਵਿਆਪਕ ਵਿਕਾਸ ਲਈ ਵੱਡੇ ਸ਼ਹਿਰਾਂ ਦੀਆਂ ਵਿਕਾਸ ਅਥਾਰਟੀਆਂ ਨਾਲ ਵਿਸਥਾਰਤ ਮੀਟਿੰਗਾਂ ਕਰਨ ਦੇ ਸਿਲਸਿਲੇ ਵਜੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਪੁੱਡਾ, ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਜਲੰਧਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਮਾਨ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਏਜੰਡੇ ਨੂੰ ਅੱਗੇ ਤੋਰਦਿਆਂ ਮੀਟਿੰਗ ਦੌਰਾਨ ਅਰੋੜਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰਤ/ਰਜਿਸਟਰਡ ਕਾਲੋਨੀਆਂ ਦੇ ਵਸਨੀਕਾਂ ਨੂੰ ਕਾਨੂੰਨ ਮੁਤਾਬਕ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਕੋਈ ਵੀ ਸ਼ਹਿਰ ਵਾਸੀ ਕਿਸੇ ਸੇਵਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵਿਭਾਗ ਦੇ ਕੰਮ ਦੀ ਸਮੀਖਿਆ ਕਰਦਿਆਂ ਇਹ ਆਦੇਸ਼ ਦਿੱਤੇ ਕਿ ਸ਼ਹਿਰੀ ਵਿਕਾਸ ਲਈ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਸੁਧਾਰ ਕਰਨ ਲਈ ਇਕ ਵਿਆਪਕ ਖਾਕਾ ਉਲੀਕਿਆ ਜਾਵੇ ਤਾਂ ਜੋ ਪੰਜਾਬ ਦੇ ਸ਼ਹਿਰ ਦੇਸ਼ ਭਰ ਵਿੱਚ ਮਾਡਲ ਸ਼ਹਿਰ ਨਜ਼ਰ ਆਉਣ।

ਮੀਟਿੰਗ ਦੌਰਾਨ ਅਰੋੜਾ ਦੇ ਧਿਆਨ ‘ਚ ਮਾਮਲਾ ਆਇਆ ਕਿ ਅੰਮ੍ਰਿਤਸਰ ਵਿੱਚ ਰਜਿਸਟਰਡ ਕਾਲੋਨੀਆਂ ਦੀਆਂ ਰਜਿਸਟਰੀਆਂ ਬੰਦ ਪਈਆਂ ਹਨ, ਜਿਸ ‘ਤੇ ਉਨ੍ਹਾਂ ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੁੱਡਾ ਅਤੇ ਸਮੂਹ ਵਿਕਾਸ ਅਥਾਰਟੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਸ਼ਹਿਰ ਵਾਸੀ ਖੱਜਲ-ਖੁਆਰ ਨਾ ਹੋਵੇ। ਆਉਂਦੇ ਦਿਨਾਂ ‘ਚ ਉਹ ਸਾਰੇ ਵੱਡੇ ਸ਼ਹਿਰਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮੌਕੇ ‘ਤੇ ਹੀ ਹੱਲ ਲਈ ਸਬੰਧਿਤ ਅਥਾਰਟੀਆਂ ਨੂੰ ਨਿਰਦੇਸ਼ ਦੇਣਗੇ। ਮੀਟਿੰਗ ‘ਚ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ, ਪੁੱਡਾ ਦੇ ਮੁੱਖ ਪ੍ਰਸ਼ਾਸਕ ਤੇ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਅਰਸ਼ਦੀਪ ਸਿੰਘ ਥਿੰਦ, ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਲਵਜੀਤ ਕਲਸੀ ਅਤੇ ਜਲੰਧਰ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਜਸਬੀਰ ਸਿੰਘ ਵੀ ਹਾਜ਼ਰ ਸਨ।