World

ਅਮਰੀਕਾ ਅਤੇ ਕੈਨੇਡਾ ‘ਚ ਗਰਮੀ ਨੇ ਕੱਢੇ ਵੱਟ, 54 ਡਿਗਰੀ ਤੱਕ ਪਹੁੰਚਿਆ ਪਾਰਾ

ਵਾਸ਼ਿੰਗਟਨ : ਅਮਰੀਕਾ ਅਤੇ ਕੈਨੇਡਾ ਦੇ ਪੱਛਮ ਵਿਚ ਤਾਪਮਾਨ ਇਨੀਂ ਦਿਨੀਂ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਲੂ ਦੇ ਕਹਿਰ ਕਾਰਨ ਅਮਰੀਕਾ ਵਿਚ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੱਛਮੀ ਅਮਰੀਕਾ ਦਾ ਤਾਪਮਾਨ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇੱਥੇ ਲਗਾਤਾਰ ਤੀਜੇ ਦਿਨ ਵੀ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਕੈਲੀਫੋਰਨੀਆ ਦੀ ਮਸ਼ਹੂਰ ਡੈਥ ਵੈਲੀ ਵਿਚ ਤਾਪਮਾਨ 130 ਡਿਗਰੀ ਫਾਰਨੇਹਾਈਟ (54 ਡਿਗਰੀ ਸੈਲਸੀਅਸ) ਤੱਕ ਜਾ ਪਹੁੰਚਿਆ ਹੈ। ਤਾਪਮਾਨ ਵਧਣ ਕਾਰਨ ਇਕ ਵਾਰ ਫਿਰ ਇਹ ਧਰਤੀ ਦਾ ਸਭ ਤੋਂ ਗਰਮ ਹਿੱਸਾ ਬਣ ਗਿਆ ਹੈ। 

 

ਉੱਥੇ ਪੱਛਮੀ ਕੈਨੇਡਾ ਵਿਚ ਤਾਪਮਾਨ 92 ਡਿਗਰੀ ਫਾਰਨੇਹਾਈਟ (32 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਇੱਥੇ ਕਈ ਥਾਵਾਂ ‘ਤੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜੰਗਲੀ ਅੱਗ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਡੈਥ ਵੈਲੀ ਦੇ ਕੇਂਦਰ ਵਿਚ ਮੌਜੂਦ ਫਰਨੇਸ ਕ੍ਰੀਕ ਵਿਜੀਟਰਸ ਸੈਂਟਰ ਦੇ ਬਾਹਰ ਲੱਗੇ ਥਰਮਾਮੀਟਰ ਵਿਚ ਇਹ ਤਾਪਮਾਨ 134 ਡਿਗਰੀ ਫਾਰਨੇਹਾਈਟ ਤੱਕ ਪਹੁੰਚ ਚੁੱਕਾ ਹੈ। ਐਤਵਾਰ ਦੁਪਹਿਰ ਤਾਪਮਾਨ 178 ਡਿਗਰੀ ਫਾਰਨੇਹਾਈਟ ਤੱਕ ਪਹੁੰਚ ਗਿਆ ਸੀ। ਓਰੇਗਨ ਵਿਚ ਭਿਆਨਕ ਗਰਮੀ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। 

 

ਨੈਸ਼ਨਲ ਵੈਦਰ ਸਰਵਿਸ ਨੇ ਹੋਰ ਜ਼ਿਆਦਾ ਤੇਜ਼ ਗਰਮੀ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਹਨਾਂ ਮੁਤਾਬਕ ਆਉਣ ਵਾਲੇ ਦਿਨ ਹੋਰ ਗਰਮ ਹੋ ਸਕਦੇ ਹਨ। ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਭਿਆਨਕ ਗਰਮੀ ਕਾਰਨ ਕੈਲੀਫੋਰਨੀਆ ਸਮੇਤ ਕਈ ਪੱਛਮੀ ਤਟੀ ਅਮਰੀਕੀ ਰਾਜਾਂ ਦੇ ਸੈਂਕੜੇ ਵਰਗ ਕਿਲੋਮੀਟਰ ਇਲਾਕੇ ਵਿਚ ਜੰਗਲੀ ਅੱਗ ਫੈਲੀ ਹੋਈ ਹੈ। ਅੱਗ ਵਿਚ ਕਈ ਘਰ ਸੜ ਚੁੱਕੇ ਹਨ। ਕਰੀਬ 2800 ਲੋਕਾਂ ਨੂੰ ਦੂਜੀਆਂ ਥਾਵਾਂ ‘ਤੇ ਭੇਜਿਆ ਗਿਆ ਹੈ। ਕਈ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।