World

ਅਮਰੀਕਾ ਅਤੇ ਕੈਨੇਡਾ ’ਚ ਗਰਮੀ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ

ਸੀਏਟਲ  : ਅਮਰੀਕਾ ਵਿਚ ਪ੍ਰਸ਼ਾਂਤ ਉਤਰ-ਪੱਛਮੀ ਖੇਤਰ ਵਿਚ ਮ੍ਰਿਤਕਾਂ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ ਅਤੇ ਮੈਡੀਕਲ ਕਰਮੀਆਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਮਰਨ ਵਾਲੇ ਲੋਕਾਂ ਦੀ ਸੰਖਿਆ ਵੱਧ ਸਕਦੀ ਹੈ। ਓਰੇਗਨ, ਵਾਸ਼ਿੰਗਟਨ ਸੂਬੇ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਸਾਰਿਆਂ ਦੀ ਮੌਤ ਲੂ ਦੀ ਵਜ੍ਹਾ ਨਾਲ ਹੋਈ ਹੈ। ਇਸ ਖੇਤਰ ਵਿਚ 25 ਜੂਨ ਨੂੰ ਭਿਆਨਕ ਗਰਮੀ ਪੈਣੀ ਸ਼ੁਰੂ ਹੋਈ ਅਤੇ ਮੰਗਲਵਾਰ ਨੂੰ ਹੀ ਕੁੱਝ ਇਲਾਕਿਆਂ ਨੂੰ ਥੋੜ੍ਹੀ ਰਾਹਤ ਮਿਲੀ।

ਓਰੇਗਨ ਦੇ ਮੈਡੀਕਲ ਜਾਂਚਕਰਤਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕੱਲੇ ਇਸ ਸੂਬੇ ਵਿਚ ਮ੍ਰਿਤਕਾਂ ਦੀ ਸੰਖਿਆ ਘੱਟ ਤੋਂ ਘੱਟ 95 ’ਤੇ ਪਹੁੰਚ ਗਈ ਹੈ। ਸਭ ਤੋਂ ਜ਼ਿਆਦਾ ਮੌਤਾਂ ਮੁਲਟਨੋਮਾ ਕਾਉਂਟੀ ਵਿਚ ਹੋਈਆਂ। ਮ੍ਰਿਤਕਾਂ ਵਿਚ ਗਵਾਟੇਮਾਲਾ ਦਾ ਇਕ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹੈ। ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਕੋਰੋਨਰ, ਲੀਜਾ ਲੈਪੋਇੰਤੇ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ 25 ਜੂਨ ਤੋਂ ਬੁੱਧਵਾਰ ਦਰਮਿਆਨ ਘੱਟ ਤੋਂ ਘੱਟ 486 ਲੋਕਾਂ ਦੀ ਅਚਾਨਕ ਮੌਤ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਇਨ੍ਹਾਂ ਵਿਚੋਂ ਕਿੰਨੀਆਂ ਮੌਤਾਂ ਲੂ ਦੀ ਵਜ੍ਹਾ ਨਾਲ ਹੋਈਆਂ ਪਰ ਗਰਮੀ ਦੀ ਵਜ੍ਹਾ ਨਾਲ ਹੀ ਇਹ ਮੌਤਾਂ ਹੋਣ ਦਾ ਖ਼ਦਸ਼ਾ ਹੈ। 

 

ਵਾਸ਼ਿੰਗਟਨ ਸੂਬੇ ਦੇ ਅਧਿਕਾਰੀਆਂ ਨੇ ਲੂ ਕਾਰਨ ਕਰੀਬ 30 ਲੋਕਾਂ ਦੇ ਮਰਨ ਦੀ ਖ਼ਬਰ ਦਿੱਤੀ ਹੈ ਪਰ ਇਹ ਸੰਖਿਆ ਵੱਧ ਸਕਦੀ ਹੈ। ਸੀਏਟਲ ਵਿਚ ਹਾਰਬਰਵਿਊ ਮੈਡੀਕਲ ਸੈਂਟਰ ਦੇ ਐਮਰਜੈਂਸੀ ਮੈਡੀਸਨ ਵਿਭਾਗ ਦੇ ਨਿਰਦੇਸ਼ਕ ਡਾ. ਸਟੀਵ ਮਿਚੇਲ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਇਹ ਸੰਖਿਆ ਵਧੇਗੀ। ਮੈਂ ਆਪਣੇ ਤਜ਼ਰਬੇ ਨਾਲ ਕਹਿ ਸਕਦਾ ਹਾਂ ਕਿ ਮ੍ਰਿਤਕਾਂ ਦੀ ਸੰਖਿਆ ਇਸ ਤੋਂ ਜ਼ਿਆਦਾ ਹੋ ਸਕਦੀ ਹੈ।’ ਮੌਸਮ ਵਿਗਿਆਨੀਆਂ ਨੇ ਇਸ ਭਿਆਨਕ ਗਰਮੀ ਲਈ ਤਾਪਮਾਨ ਦੇ ਆਮ ਤੋਂ 30 ਡਿਗਰੀ ਜ਼ਿਆਦਾ ਜਾਣ ਨੂੰ ਜ਼ਿੰਮੇਦਾਰ ਦੱਸਿਆ ਹੈ, ਜਿਸ ਨਾਲ ਉਚ ਦਬਾਅ ਦਾ ਖੇਤਰ ਬਣ ਗਿਆ ਹੈ। ਪੱਛਮੀ ਵਾਸ਼ਿੰਗਟਨ ਅਤੇ ਓਰੇਗਨ ਵਿਚ ਪਾਰਾ ਥੋੜ੍ਹਾ ਡਿੱਗਿਆ ਪਰ ਅੰਦਰੂਨੀ ਉਤਰ-ਪੱਛਮੀ ਇਲਾਕਿਆਂ ਅਤੇ ਕੈਨੇਡਾ ਵਿਚ ਗਰਮੀ ਦੀ ਚਿਤਾਵਨੀ ਹੁਣ ਵੀ ਜਾਰੀ ਹੈ।