India News

ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਪਹੁੰਚੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ

ਨਵੀਂ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਪਹੁੰਚੇ। ਮੁੱਖ ਮੰਤਰੀ ਚੰਨੀ ਇਸ ਦੌਰਾਨ ਲਖੀਮਪੁਰ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਗ੍ਰਹਿ ਮੰਤਰੀ ਨਾਲ ਚਰਚਾ ਕਰਨਗੇ। ਦਿੱਲੀ ਪਹੁੰਚਣ ਤੋਂ ਪਹਿਲਾਂ ਸੀ.ਐੱਮ. ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਦੀ ਘਟਨਾ ਨੂੰ ਸਿੱਧੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸਮਾਨ ਦੱਸਿਆ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ‘ਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਲਖੀਮਪੁਰ ਹਿੰਸਾ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਚੁੱਕਣਗੇ। ਉੱਥੇ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ‘ਚ ਹੋਏ ਬਵਾਲ ‘ਚ ਮਾਰੇ ਗਏ 4 ਕਿਸਾਨਾਂ ‘ਚੋਂ 2 ਕਿਸਾਨਾਂ ਦੇ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਪਰਿਵਾਰ ਵਾਲੇ ਪੋਸਟਮਾਰਟਮ ਰਿਪੋਰਟ ਦੇਖਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕਰਨ ਦੀ ਗੱਲ ‘ਤੇ ਅੜ੍ਹੇ ਹੋਏ ਹਨ। ਉਥੇ, ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੋਸਟਮਾਰਟਮ ਰਿਪੋਰਟ ‘ਚ ‘ਖੇਡ’ ਹੋ ਸਕਦੀ ਹੈ।ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਲਖਨਊ ਰੇਂਜ ਦੀ ਆਈ.ਜੀ. ਲਕਸ਼ਮੀ ਸਿੰਘ ਧੌਰਹਰਾ ਦੇ ਕਿਸਾਨ ਨਛੱਤਰ ਸਿੰਘ ਦੇ ਪਿੰਡ ਪਹੁੰਚੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅੰਤਿਮ ਸੰਸਕਾਰ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ‘ਚ ਜੁੱਟੀ ਹੋਈ ਹੈ। ਦਰਅਸਲ, ਲਖੀਮਪੁਰ ਖੀਰੀ ਜ਼ਿਲ੍ਹੇ ‘ਚ ਬੀਤੇ ਦਿਨ ਹੋਏ ਹਿੰਸਕ ਬਵਾਲ ‘ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਦੇ ਚੱਲਦੇ ਪਲੀਆ ਦੇ ਲਵਪ੍ਰਤੀ ਸਿੰਘ ਅਤੇ ਧੌਰਹਰਾ ‘ਚ ਕਿਸਾਨ ਨਛੱਤਰ ਸਿੰਘ ਦਾ ਮੰਗਲਵਾਰ ਸਵੇਰੇ ਭਾਵ ਕਿ ਅੱਜ ਅੰਤਿਮ ਸੰਸਕਾਰ ਹੋਣਾ ਸੀ। ਜਿਸ ਦੇ ਚੱਲਦੇ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰਨ ਤੋ ਇਨਕਾਰ ਕਰ ਦਿੱਤਾ।ਉਥੇ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਜੇ ਤੱਕ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਦਿੱਤੀ ਗਈ। ਇਸ ਮਾਮਲੇ ਨੂੰ ਵਧਦਾ ਦੇਖ ਜ਼ਿਲ੍ਹੇ ਭਰ ਦੇ ਸਥਾਨਕ ਨੇਤਾ ਵੀ ਪਿੰਡ ਪਹੁੰਚ ਗਏ ਹਨ।