Punjab News

ਅਸ਼ਵਨੀ ਸੇਖੜੀ ਨੂੰ ਚੇਅਰਮੈਨ ਬਣਾ ਕੇ ਕੈਪਟਨ ਨੇ ਇਕ ਤੀਰ ਨਾਲ ਕੀਤੇ 2 ਸ਼ਿਕਾਰ, ਤ੍ਰਿਪਤ ਬਾਜਵਾ ਦੇ ‘ਪਰ ਕੁਤਰੇ’

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਹਫਤੇ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਕੇ ਇਕ ਤੀਰ ਨਾਲ 2 ਸ਼ਿਕਾਰ ਕੀਤੇ ਹਨ। ਸੇਖੜੀ ਨੂੰ ਚੇਅਰਮੈਨ ਨਿਯੁਕਤ ਕਰਕੇ ਉਨ੍ਹਾਂ ਸੰਦੇਸ਼ ਦਿੱਤਾ ਹੈ ਕਿ ਹਿੰਦੂ ਕੇਡਰ ਦਾ ਸਿੱਧੂ ਨਾਲ ਲੜਾਈ ਵਿਚ ਸਿਰਫ ਸਿਆਸੀ ਇਸਤੇਮਾਲ ਨਹੀਂ ਕੀਤਾ ਗਿਆ। ਉਨ੍ਹਾਂ ਨਾਲ ਹੀ ਸੇਖੜੀ ਨੂੰ ਬਟਾਲਾ ਜ਼ਿਲ੍ਹੇ ਦੀ ਕਮਾਨ ਸੌਂਪਦੇ ਹੋਏ ਸਿੱਧੂ ਗੁੱਟ ਵਿਚ ਸ਼ਾਮਲ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪਰ ਵੀ ਕੁਤਰੇ ਹਨ। ਜ਼ਿਕਰਯੋਗ ਹੈ ਕਿ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਬਾਜਵਾ ਨੇ ਕੈਪਟਨ ਦੇ ਵਿਰੋਧੀ ਮੰਨੇ ਜਾਂਦੇ ਸੇਖੜੀ ਨਾਲ ਸਬੰਧਤ ਹਲਕੇ ਬਟਾਲਾ ਵਿਚ ਪਿਛਲੇ ਸਾਢੇ 4 ਵਰ੍ਹਿਆਂ ਤੱਕ ਇਕ ਤਰ੍ਹਾਂ ਨਾਲ ਆਪਣਾ ਦਬਦਬਾ ਬਣਾਈ ਰੱਖਿਆ। ਇੰਨਾ ਹੀ ਨਹੀਂ, ਬਾਜਵਾ ਨੇ ਆਪਣੇ ਖਾਸ ਸਮਰਥਕ ਤੇਜਾ ਨੂੰ ਮੇਅਰ ਵੀ ਬਣਾਇਆ।

ਬਟਾਲਾ ਤੋਂ ਅਗਲੀ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਬਾਜਵਾ ਦੇ ਇਸ਼ਾਰਿਆਂ ’ਤੇ ਵੀ ਹਲਕੇ ਵਿਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੀ ਤਾਇਨਾਤੀ ਹੁੰਦੀ ਰਹੀ ਹੈ। ਇਨ੍ਹਾਂ ਵਰ੍ਹਿਆਂ ਵਿਚ ਸੇਖੜੀ ਅਤੇ ਬਾਜਵਾ ਸਮਰਥਕਾਂ ਦੇ ਕਈ ਵਾਰ ਆਹਮੋ-ਸਾਹਮਣੇ ਹੋਣ ਨਾਲ ਟਕਰਾਅ ਦੀ ਹਾਲਤ ਵੀ ਬਣੀ ਸੀ। ਪਰ ਹੁਣ ਮੁੱਖ ਮੰਤਰੀ ਤੋਂ ਸਮਰਥਨ ਅਤੇ ਤਾਕਤ ਮਿਲਣ ਅਤੇ ਚੇਅਰਮੈਨ ਬਣਨ ਤੋਂ ਬਾਅਦ ਕੁਝ ਦਿਨਾਂ ਵਿਚ ਹੀ ਬਟਾਲਾ ਵਿਚ ਸਿਆਸੀ ਹਾਲਾਤ ਬਦਲ ਗਏ ਹਨ। ਬੀਤੇ ਦਿਨੀਂ ਸੇਖੜੀ ਨੇ ਹਲਕੇ ਵਿਚ ਮੀਟਿੰਗ ਕੀਤੀ, ਜਿਸ ਵਿਚ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਐੱਸ. ਐੱਸ. ਪੀ. ਰਸ਼ਪਾਲ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਸੇਖੜੀ ਨੇ ਬਾਜਵਾ ਨੂੰ ਬਿਨਾਂ ਕਿਸੇ ਲੋੜੀਂਦੇ ਕਾਰਨ ਦੇ ਬਟਾਲਾ ਵਿਚ ਦਾਖਲ ਨਾ ਹੋਣ ਦੀ ਸਿੱਧੀ ਚਿਤਾਵਨੀ ਦੇ ਦਿੱਤੀ ਹੈ। ਸੇਖੜੀ ਨੇ ਇਕ ਕਦਮ ਅੱਗੇ ਵਧਦੇ ਹੋਏ ਮੇਅਰ ਨੂੰ 10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਨੂੰ ਰੱਦ ਕਰਨ ਨੂੰ ਲੈ ਕੇ ਵੀ ਫਟਕਾਰ ਲਗਾਈ, ਜਦਕਿ ਬਾਜਵਾ ਸਮਰਥਕ ਡੀ. ਐੱਸ. ਪੀ. (ਸਿਟੀ) ਪਰਵਿੰਦਰ ਕੌਰ ਦਾ ਤਬਾਦਲਾ ਕਰਵਾ ਕੇ ਆਪਣੇ ਖਾਸ ਲਲਿਤ ਕੁਮਾਰ ਨੂੰ ਉਨ੍ਹਾਂ ਦੀ ਜਗ੍ਹਾ ’ਤੇ ਤਾਇਨਾਤ ਕਰਵਾ ਦਿੱਤਾ ਹੈ।

ਕਾਂਗਰਸ ਅਤੇ ਭਾਜਪਾ ਦੋਵਾਂ ਦਾ ਸਿਆਸੀ ਆਧਾਰ ਹਿੰਦੂ ਵੋਟਰ ਹੀ ਰਹੇ, ਅਕਾਲੀ-ਭਾਜਪਾ ਗੱਠਜੋੜ ਟੁੱਟਣ ਦਾ ਸਿਆਸੀ ਲਾਭ ਨਹੀਂ ਲੈ ਸਕੀ ਕਾਂਗਰਸ
ਜੱਟ ਭਾਈਚਾਰੇ ਦੇ ਮੁੱਖ ਮੰਤਰੀ ਤੋਂ ਬਾਅਦ ਹੁਣ ਸੂਬਾ ਪ੍ਰਧਾਨ ਅਹੁਦੇ ’ਤੇ ਵੀ ਜੱਟ ਨੇਤਾ ਨੂੰ ਨਿਯੁਕਤ ਕਰਨ ਤੋਂ ਬਾਅਦ ਹੁਣ ਕਾਂਗਰਸ ਦੀ ਹਾਲਤ ਇਹ ਹੋ ਗਈ ਹੈ ਕਿ ਉਸਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰੇ? ਪੰਜਾਬ ਦੇ ਸਿਆਸੀ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਦਾ ਸਿਆਸੀ ਆਧਾਰ ਹਿੰਦੂ ਵੋਟਰ ਹੀ ਰਹੇ ਹਨ। ਸੂਬੇ ਵਿਚ ਭਾਜਪਾ ਜਦ ਵੀ ਕਮਜ਼ੋਰ ਹੋਈ ਹੈ, ਉਸ ਦਾ ਸਿੱਧਾ ਫਾਇਦਾ ਹਮੇਸ਼ਾ ਹੀ ਕਾਂਗਰਸ ਨੂੰ ਮਿਲਿਆ ਹੈ ਅਤੇ ਉਹ ਸੱਤਾ ’ਤੇ ਕਾਬਜ਼ ਹੋ ਸਕੀ ਹੈ। ਅਕਾਲੀ ਦਲ ਅਤੇ ਭਾਜਪਾ ਗੱਠਜੋੜ ਟੁੱਟਣ ਦੇ ਬਾਅਦ ਤੋਂ ਕਾਂਗਰਸ ਇਸ ਦਾ ਸਿਆਸੀ ਲਾਭ ਨਹੀਂ ਲੈ ਸਕੀ ਹੈ।

 

ਭਾਜਪਾ ਦੇ ਕਾਰਨ ਹੀ ਹਮੇਸ਼ਾ ਅਕਾਲੀ ਦਲ ਨੂੰ ਸਿਆਸੀ ਲਾਭ ਮਿਲਦਾ ਰਿਹਾ ਹੈ ਕਿਉਂਕਿ ਭਾਜਪਾ ਦੇ ਕਾਰਨ ਸੂਬੇ ਦਾ ਹਿੰਦੂ ਵੋਟ ਬੈਂਕ ਅਕਾਲੀ ਦਲ ਦੇ ਹੱਕ ਵਿਚ ਭੁਗਤਦਾ ਰਿਹਾ ਹੈ। ਹਾਲਾਂਕਿ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਚੋਣ ਕਾਰਨ ਹਿੰਦੂ ਵੋਟਰਾਂ ਦੀ ਪਸੰਦ ਕਾਂਗਰਸ ਬਣੀ ਹੋਈ ਹੈ। ਅਜਿਹੇ ਵਿਚ ਹੁਣ ਹਿੰਦੂ ਵੋਟ ਬੈਂਕ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚ ਸਿੱਧੀ ਲੜਾਈ ਹੋਣਾ ਤੈਅ ਹੈ। ਭਾਜਪਾ ਨੇ ਸ਼੍ਰੀ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਹਿੰਦੂਆਂ ਦੀ ਆਸਥਾ ਅਤੇ ਭਾਵਨਾ ਨੂੰ ਕੈਸ਼ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਹੈ। ਇਸ ਤੋਂ ਇਲਾਵਾ ‘ਆਪ’ ਨੇ ਵੀ ਮੌਕਾ ਸੰਭਾਲਦੇ ਹੋਏ ਹਿੰਦੂ ਵੋਟ ਬੈਂਕ ਵਿਚ ਸੰਨ੍ਹ ਲਗਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਿਦੱਤੀਆਂ ਹਨ। ਹੁਣ ਸਮਾਂ ਹੀ ਦੱਸੇਗਾ ਕਿ ਅਾਖਿਰਕਾਰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ‘ਆਪ’ ਵਿਚ ਕਿਹੜੀ ਪਾਰਟੀ ਹਿੰਦੂਆਂ ਨੂੰ ਆਪਣੇ ਵੱਲ ਲਿਆਉਣ ਵਿਚ ਸਫਲ ਹੁੰਦੀ ਹੈ।