India News

ਅਸਮਾਨੀ ਬਿਜਲੀ ਡਿੱਗਣ ਕਾਰਨ ਉਤਰ ਪ੍ਰਦੇਸ਼ ਵਿੱਚ 38 ਤੇ ਰਾਜਸਥਾਨ ’ਚ 19 ਮੌਤਾਂ

ਚੰਡੀਗੜ੍ਹ, 11 ਜੁਲਾਈ

 

ਮੌਸਮ ਵਿਭਾਗ ਦੀ ਉਤਰੀ ਭਾਰਤ ਵਿਚ ਹਨੇਰੀ ਤੇ ਗਰਜ ਨਾਲ ਮੀਂਹ ਪੈਣ ਦੀ ਚਿਤਾਵਨੀ ਤੋਂ ਬਾਅਦ ਉਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਵੱਖ-ਵੱਖ ਥਾਵਾਂ ’ਚ ਅੱਜ ਸ਼ਾਮ ਤੇ ਰਾਤ ਵੇਲੇ ਅਸਮਾਨੀ ਬਿਜਲੀ ਡਿੱਗੀ ਜਿਸ ਕਾਰਨ ਯੂਪੀ ਵਿਚ 38 ਤੇ ਰਾਜਸਥਾਨ ਦੇ ਕੋਟਾ, ਜੈਪੁਰ ਤੇ ਧੌਲਪੁਰ ਦੀਆਂ ਵੱਖ-ਵੱਖ ਥਾਵਾਂ ’ਤੇ 19 ਜਣਿਆਂ ਦੀ ਮੌਤ ਹੋ ਗਈ। ਉਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿੱਚ 38 ਮੌਤਾਂ ਹੋਈਆਂ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੀੜਤਾਂ ਨੂੰ ਵਾਜਬ ਮੁਆਵਜ਼ਾ ਤੇ ਮਦਦ ਦੇਣ ਦੇ ਹੁਕਮ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜੈਪੁਰ ਦੇ ਆਮੇਰ ਮਹੱਲ ਦੇ ਵਾਚ ਟਾਵਰ ’ਤੇ ਮੀਂਹ ਦੌਰਾਨ ਕਈ ਜਣੇ ਸੈਲਫੀ ਲੈ ਰਹੇ ਸਨ ਜਿਸ ਦੌਰਾਨ ਬਿਜਲੀ ਡਿੱਗੀ ਤੇ ਇਸ ਦੀ ਲਪੇਟ ਵਿਚ 35 ਜਣਿਆਂ ਦੇ ਆਉਣ ਦਾ ਪਤਾ ਲੱਗਾ ਹੈ। ਇਥੇ ਸ਼ਾਮ ਵੇਲੇ ਮੌਸਮ ਖੁਸ਼ਗਵਾਰ ਹੋਣ ਕਾਰਨ ਲੋਕ ਮੌਸਮ ਦਾ ਆਨੰਦ ਮਾਨਣ ਲਈ ਆਮੇਰ ਮਹੱਲ ਪੁੱਜੇ ਤੇ ਇਥੋਂ ਦੀ ਵੱਡੀ ਦੀਵਾਰ ’ਤੇ ਸੈਲਫੀਆਂ ਲੈਣੀਆਂ ਸ਼ੁਰੂ ਕੀਤੀਆਂ, ਇਸ ਦੌਰਾਨ ਬਿਜਲੀ ਡਿੱਗਣ ਕਾਰਨ ਕਈ ਜਣੇ ਦੀਵਾਰ ਤੋਂ ਡਿੱਗ ਕੇ ਹੇਠਾਂ ਝਾੜੀਆਂ ਵਿਚ ਡਿੱਗ ਗਏ। ਇਥੇ 11 ਜਣਿਆਂ ਦੀਆਂ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ ਤੇ ਹੋਰ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਜ਼ਾਹਰ ਕੀਤਾ ਹੈ।