Punjab News

ਅਹਿਮ ਖ਼ਬਰ : MP ਸਿਮਰਨਜੀਤ ਮਾਨ ਦੇ ਪੁੱਤਰ ਨੇ CM ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ

ਚੰਡੀਗੜ੍ਹ : ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਆਪਣੇ ਅਤੇ ਉਨ੍ਹਾਂ ਦੇ ਪਿਤਾ ’ਤੇ ਝੂਠੇ ਦੋਸ਼ ਲਾਉਣ ਦੇ ਦੋਸ਼ ਹੇਠ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਵਕੀਲ ਏ. ਐੱਸ. ਸੁਖੀਜਾ ਰਾਹੀਂ ਆਈ. ਪੀ. ਸੀ. ਦੀ ਧਾਰਾ 499, 500 ਅਤੇ 120ਬੀ ਤਹਿਤ ਦਰਜ ਕਰਵਾਈ ਸ਼ਿਕਾਇਤ ’ਚ ਈਮਾਨ ਸਿੰਘ ਮਾਨ ਨੇ ਕਿਹਾ ਕਿ ਆਗੂਆਂ ਨੇ ਮੁਹਾਲੀ ਦੀ ਮਾਜਰੀ ਤਹਿਸੀਲ ’ਚ 125 ਏਕੜ ਪੰਚਾਇਤੀ ਜ਼ਮੀਨ ਹੜੱਪਣ ਦੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਨੇਤਾਵਾਂ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਿਤਾ ਦੀ ਸਾਖ਼ ਅਤੇ ਸ਼ਖ਼ਸੀਅਤ ’ਤੇ ਸਿੱਧਾ ਹਮਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਵੱਲੋਂ ਪਿੰਡ ਛੋਟੀ-ਬੜੀ ਨੰਗਲ ਦੇ ਏਰੀਏ ’ਚ ਸ਼ਰੇਆਮ ਝੂਠੀ ਅਤੇ ਭੱਦੀ ਬਿਆਨਬਾਜ਼ੀ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਸਲ ’ਚ ਉਸ ਕੋਲ ਪਿੰਡ ਛੋਟੀ-ਬੜੀ ਨੰਗਲ ਵਿਖੇ ਸਿਰਫ਼ 5 ਵਿੱਘੇ ਅਤੇ 14 ਬਿਸਵੇ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਉਨ੍ਹਾਂ ਦੇ ਸਵਰਗਵਾਸੀ ਦਾਦਾ ਜੋਗਿੰਦਰ ਸਿੰਘ ਮਾਨ ਨੇ 1997 ’ਚ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।