Punjab News

ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਉਹ ਦਿਨ ਦੂਰ ਨਹੀਂ ਜਦੋਂ 5 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ

ਅੰਮ੍ਰਿਤਸਰ –ਮੇਰਾ ਰੋਮ-ਰੋਮ ਅੰਮ੍ਰਿਤਸਰ ਦਾ ਕਰਜ਼ਦਾਰ ਹੈ ਤੇ ਆਉਣ ਵਾਲੀਆਂ 40 ਪੀੜ੍ਹੀਆਂ ਵੀ ਇਹ ਕਰਜ਼ ਪੂਰਾ ਨਹੀਂ ਕਰ ਸਕਦੀਆਂ। ਜੇ ਪਟਿਆਲਾ ਮੇਰੀ ਜਨਮ ਭੂਮੀ ਹੈ, ਤਾਂ ਅੰਮ੍ਰਿਤਸਰ ਮੇਰੀ ਕਰਮਭੂਮੀ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ’ਚ ਪਹੁੰਚੇ ਅਤੇ 42 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਉਥੇ ਹੀ ਏ. ਐੱਸ. ਫਾਰਮ ’ਚ 360 ਪਰਿਵਾਰਾਂ ਨੂੰ ਆਵਾਸ ਯੋਜਨਾ ਦੇ ਚੈੱਕ ਵੀ ਵੰਡੇ । ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਨੂੰ 3 ਤੋਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਅਕਾਲੀ ਸਰਕਾਰ ਦੇ ਬਿਜਲੀ ਸਮਝੌਤੇ ਖਤਮ ਹੋ ਜਾਣਗੇ ਅਤੇ ਲੋਕਾਂ ਨੂੰ ਯਕੀਨੀ ਤੌਰ ’ਤੇ ਸਸਤੀ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਗੁਰੂ ਨੂੰ ਬਦਨਾਮ ਕਰਨ ਅਤੇ ਨੌਜਵਾਨਾਂ ਨੂੰ ਚਿੱਟਾ ਭੇਜਣ ਵਾਲਿਆਂ ਨੂੰ ਮੁਆਫ ਨਹੀਂ ਕਰਨਗੇ ਅਤੇ ਸੱਚ ਨੂੰ ਸਾਹਮਣੇ ਲਿਆਉਂਦੇ ਰਹਿਣਗੇ। ਬੁੱਧਵਾਰ ਦੁਪਹਿਰ 2 ਵਜੇ ਜਦੋਂ ਸਿੱਧੂ ਫੋਕਲ ਪੁਆਇੰਟ ਪਹੁੰਚੇ ਤਾਂ ਉੱਥੇ ਵੀ ਉਨ੍ਹਾਂ ਦੀ ਸੁਰੱਖਿਆ ਨੇ ਘੇਰਾ ਪਾਈ ਰੱਖਿਆ ਤੇ ਲੋਕਾਂ ਨੂੰ ਦੂਰ ਕੀਤਾ। ਬਹੁਤ ਘੱਟ ਲੋਕ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਥੇ ਉਹ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕਰ ਕੇ ਦਮੂਹੀ ਮੰਦਰ ਬਟਾਲਾ ਰੋਡ ਲਈ ਰਵਾਨਾ ਹੋ ਗਏ, ਜਿੱਥੇ ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਨਿਗਮ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਕੌਂਸਲਰ ਦਮਨਦੀਪ ਸਿੰਘ, ਕੌਂਸਲਰ ਮੋਨਿਕਾ ਸ਼ਰਮਾ ਵੀ ਮੌਜੂਦ ਸਨ।

 

ਉਸ ਤੋਂ ਬਾਅਦ ਉਹ ਸਿੱਧਾ ਏ. ਐੱਸ. ਫਾਰਮ ਪਹੁੰਚੇ, ਜਿੱਥੇ ਉਨ੍ਹਾਂ ਨੇ 360 ਪਰਿਵਾਰਾਂ ਨੂੰ ਚੈੱਕ ਵੰਡੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਦਮੂਹੀ ਸਥਿਤ ਸ਼ਿਵ ਮੰਦਰ ’ਚ ਮੱਥਾ ਟੇਕਿਆ। ਮੰਦਰ ਦੇ ਅੰਦਰ ਸੁਰੱਖਿਆ ਦੀ ਘਾਟ ਕਾਰਨ ਕੁਝ ਲੋਕਾਂ ਨੇ ਉਨ੍ਹਾਂ ਦੇ ਨਾਲ ਸੈਲਫੀ ਵੀ ਲਈ ਅਤੇ ਨਾਲ ਤਸਵੀਰਾਂ ਲਈ ਪੋਜ਼ ਵੀ ਦਿੱਤੇ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿੱਧਾ ਵੇਰਕਾ ਪਹੁੰਚੇ, ਜਿਥੇ ਉਨ੍ਹਾਂ ਨੇ ਗੁਰੂਘਰ ’ਚ ਮੱਥਾ ਟੇਕਿਆ। ਇਥੇ ਵੀ ਸੁਰੱਖਿਆ ਕਰਮਚਾਰੀਆਂ ਨਾਲ ਨਾ ਹੋਣ ਕਾਰਨ ਲੋਕ ਉਨ੍ਹਾਂ ਨੂੰ ਨੇੜਿਓਂ ਮਿਲੇ। ਸਿੱਧੂ ਨੇ ਆਪਣੇ ਏ. ਐੱਸ. ਫਾਰਮ ਵਿਖੇ ਆਪਣੇ ਭਾਸ਼ਣ ਦੀ ਸ਼ੁਰੂਆਤ ਆਪਣੀ ਪਹਿਲੀ ਚੋਣ ਦੀਆਂ ਯਾਦਾਂ ਨਾਲ ਕੀਤੀ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਚੋਣ ਆਰ. ਐੱਲ. ਭਾਟੀਆ ਦੇ ਖਿਲਾਫ ਸੀ। ਉਹ ਡਰ ਗਏ ਸਨ ਕਿ ਚੋਣਾਂ ’ਚ ਕੀ ਹੋਵੇਗਾ। ਉਨ੍ਹਾਂ ਦੀ ਪਹਿਲੀ ਰੈਲੀ ਰਾਜਾਸਾਂਸੀ ’ਚ ਹੋਈ ਸੀ। ਉਨ੍ਹਾਂ ਨੂੰ ਲੋਕਾਂ ਦੀ ਭੀੜ ਦਾ ਕੋਈ ਅੰਦਾਜ਼ਾ ਨਹੀਂ ਸੀ। ਡਰੇ ਸਹਿਮੇ ਜਦੋਂ ਉਹ ਪੰਡਾਲ ’ਚ ਪਹੁੰਚੇ ਤਾਂ 20 ਹਜ਼ਾਰ ਲੋਕਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ। ਇਥੋਂ ਹੀ ਉਨ੍ਹਾਂ ਦੀ ਜਿੱਤ ਦੀ ਸ਼ੁਰੂਆਤ ਹੋਈ ਅਤੇ ਹਰ ਚੋਣ ’ਚ ਅੰਮ੍ਰਿਤਸਰ ਦਾ ਕਰਜ਼ਾ ਉਸ ਉੱਤੇ ਵਧਦਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਐੱਮ.ਪੀ. ਚੋਣਾਂ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਪੰਜ ਚੋਣਾਂ ’ਚ ਸਿਰਫ 47 ਲੱਖ ਰੁਪਏ ਖਰਚ ਹੋਏ।