India News

ਅੰਸ਼ੁਲ ਛਤਰਪਤੀ ਦਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ: ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਦਿੱਤੀਆਂ ਜਾ ਰਹੀਆਂ ਨੇ ਰਿਆਇਤਾਂ

ਸਿਰਸਾ, 9 ਜੂਨ

 

ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਿਮਾਰੀ ਦੀ ਜਾਂਚ ਕੀਤੀ ਜਾਏ ਤੇ ਡੇਰਾ ਮੁਖੀ ਦੇ ਕੀਤੇ ਜਾ ਰਹੇ ਇਲਾਜ ਦੀ ਸੀਸੀਟੀਵੀ ਫੁਟੇਜ ਦਿੱਤੀ ਜਾਏ। ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਅਟੈਂਡੈਂਟ ਬਣਾਉਣ ’ਤੇ ਵੀ ਉਨ੍ਹਾਂ ਨੇ ਹਰਿਆਣਾ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਸੈਂਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਕਦੇ ਮਾਂ ਦੀ ਬਿਮਾਰੀ ਦੇ ਬਹਾਨੇ ਤੇ ਕਦੇ ਖੁਦ ਦੀ ਬਿਮਾਰੀ ਦੇ ਬਾਹਨੇ ਪੈਰੋਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਡੇਰਾ ਮੁਖੀ ਨੂੰ ਕਥਿਤ ਤੌਰ ’ਤੇ ਗੁਰੂਗ੍ਰਾਮ ਦੇ ਫਾਰਮ ਹਾਊਸ ਵਿੱਚ ਮਾਂ ਨੂੰ ਮਿਲਾਇਆ ਗਿਆ, ਜੋ ਨਿਯਮਾਂ ਦੀ ਉਲੰਘਣਾ ਹੈ। ਡੇਰਾ ਮੁਖੀ ਨੂੰ ਬਿਮਾਰੀ ਦੇ ਬਾਹਨੇ ਪਹਿਲਾਂ ਉਸ ਨੂੰ ਰੋਹਤਕ ਮੈਡੀਕਲ ਕਾਲਜ ਤੇ ਬਾਅਦ ਵਿੱਚ ਮੇਦਾਂਤਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਹ ਲੱਗ ਰਿਹਾ ਹੈ ਕਿ ਡੇਰਾ ਮੁਖੀ ਨੂੰ ਲੰਮੀ ਛੁੱਟੀ ਦਿੱਤੇ ਜਾਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਚੀਫ਼ ਜਸਟਿਸ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ 25 ਅਗਸਤ 2017 ਨੂੰ ਡੇਰਾ ਮੁਖੀ ਖ਼ਿਲਾਫ਼ ਫੈਸਲਾ ਆਉਣ ਮਗਰੋਂ ਹੋਈ ਸਾੜ ਫੂਕ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਸੰਪਤੀ ਦਾ ਭਾਰੀ ਨੁਕਸਾਨ ਹੋਇਆ ਤੇ ਕਈਆਂ ਦੀ ਜਾਨ ਵੀ ਗਈ ਸੀ। ਇਸ ਤੋਂ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ।