India News

ਆਬਕਾਰੀ ਨੀਤੀ: ਦਿੱਲੀ ਦੇ ਸਾਬਕਾ ਉੱਪ ਰਾਜਪਾਲ ਬੈਜਲ ਨੇ ਆਪਣੇ ਖ਼ਿਲਾਫ ਦੋਸ਼ਾਂ ਨੂੰ ਦੱਸਿਆ ‘ਝੂਠ’

ਨਵੀਂ ਦਿੱਲੀ– ਦਿੱਲੀ ਦੇ ਸਾਬਕਾ ਉੱਪ ਰਾਜਪਾਲ ਅਨਿਲ ਬੈਜਲ ਨੇ ਆਬਕਾਰੀ ਨੀਤੀ 2021-22 ਦੇ ਲਾਗੂ ਹੋਣ ਵਿਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਨੂੰ “ਬੇਬੁਨਿਆਦ” ਕਰਾਰ ਦਿੱਤਾ। ਬੈਜਲ ਨੇ ਇਕ ਇਕ ਸਖ਼ਤ ਬਿਆਨ ’ਚ ਕਿਹਾ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਉਨ੍ਹਾਂ ਖ਼ਿਲਾਫ ਲਗਾਏ ਗਏ ਦੋਸ਼ ‘ਆਪਣੀ ਚਮੜੀ ਬਚਾਉਣ ਲਈ ਹਤਾਸ਼ ਵਿਅਕਤੀ” ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਹੈ। ਸਿਸੋਦੀਆ ਕੋਲ ਦਿੱਲੀ ਸਰਕਾਰ ਦਾ ਆਬਕਾਰੀ ਵਿਭਾਗ ਵੀ ਹੈ।

ਦਰਅਸਲ ਸਿਸੋਦੀਆ ਨੇ ਬੈਜਲ ’ਤੇ ਆਬਕਾਰੀ ਨੀਤੀ ’ਤੇ ਆਪਣਾ ਰਵੱਈਆ ਬਦਲਣ ਦਾ ਦੋਸ਼ ਲਾਇਆ ਸੀ। ਜਦੋਂ ਦਿੱਲੀ ਸਰਕਾਰ ਵਲੋਂ ਸਬੰਧਤ ਆਬਕਾਰੀ ਨੀਤੀ ਲਿਆਂਦੇ ਜਾਣ ਦੇ ਸਮੇਂ ਬੈਜਲ ਉੱਪ ਰਾਜਪਾਲ ਸਨ। ਸਿਸੋਦੀਆ ਨੇ ਕਿਹਾ ਸੀ ਕਿ ਬੈਜਲ ਦੇ ਫ਼ੈਸਲੇ ਤੋਂ ਕੁਝ ਲਾਇਸੈਂਸਧਾਰੀਆਂ ਨੂੰ ਫਾਇਦਾ ਹੋਇਆ, ਜਦੋਂ ਕਿ ਦਿੱਲੀ ਸਰਕਾਰ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। 

ਬੈਜਲ ਨੇ ਆਪਣੇ ਖ਼ਿਲਾਫ ਲਾਏ ਗਏ ਦੋਸ਼ਾਂ ਬਾਰੇ ਕਿਹਾ ਕਿ ਸਿਸੋਦੀਆ ਆਪਣੇ ਅਤੇ ਆਪਣੇ ਸਾਥੀਆਂ ਦੇ ਕੰਮਾਂ ਅਤੇ ਗਲਤੀਆਂ ਲਈ ਕੁਝ ਬਹਾਨਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਸ਼ ਕੁਝ ਹੋਰ ਨਹੀਂ ਸਗੋਂ ਇਕ ਹਤਾਸ਼ ਵਿਅਕਤੀ ਵਲੋਂ ਆਪਣੀ ਚਮੜੀ ਬਚਾਉਣ ਲਈ ਝੂਠ ਕਿਹਾ ਜਾ ਰਿਹਾ ਹੈ। ਦਿੱਲੀ ਸਰਕਾਰ ਅਤੇ ਇਸ ਦੇ ਆਬਕਾਰੀ ਮੰਤਰੀ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਬੈਜਲ ਨੇ ਕਿਹਾ ਕਿ ਰਿਕਾਰਡ ਖ਼ੁਦ ਬੋਲੇਗਾ ਅਤੇ ਜਾਂਚ ਮਗਰੋਂ ਸੱਚ ਸਾਹਮਣੇ ਆਵੇਗਾ।