UK News

ਇੰਗਲੈਂਡ ‘ਚ ਐੱਨ ਐੱਚ ਐੱਸ ਸਟਾਫ ਦੀ ਤਨਖਾਹ ‘ਚ ਹੋਵੇਗਾ 3% ਦਾ ਵਾਧਾ

ਗਲਾਸਗੋ/ਲੰਡਨ : ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਦੀ ਤਨਖਾਹ ਵਧਾਉਣ ਦੇ ਉਲਝੇ ਹੋਏ ਮਾਮਲੇ ਸਬੰਧੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਨੂੰ ਤਨਖਾਹ ਵਿੱਚ 3% ਵਾਧਾ ਮਿਲੇਗਾ ਜੋ ਕਿ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਲਾਗੂ ਹੋਵੇਗਾ। ਤਨਖਾਹ ਰੀਵਿਊ ਸੰਸਥਾ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਦੁਆਰਾ ਸਵੀਕਾਰ ਕਰਨ ਤੋਂ ਬਾਅਦ ਮਹਾਮਾਰੀ ਦੌਰਾਨ ਨਰਸਾਂ, ਪੈਰਾਮੈਡਿਕਸ, ਸਲਾਹਕਾਰਾਂ ਅਤੇ ਦੰਦਾਂ ਦੇ ਡਾਕਟਰਾਂ ਆਦਿ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ। 

 

ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਨੇ ਦੱਸਿਆ ਕਿ ਤਨਖਾਹ ਵਿੱਚ ਵਾਧੇ ਨਾਲ ਨਰਸਾਂ ਲਈ ਪ੍ਰਤੀ ਸਾਲ 1,000 ਪੌਂਡ ਅਤੇ ਦਰਬਾਨਾਂ ਅਤੇ ਸਫਾਈ ਸੇਵਕਾਂ ਲਈ 540 ਪੌਂਡ ਸਾਲਾਨਾ ਵਾਧਾ ਹੋਵੇਗਾ ਪਰ ਯੂਨੀਅਨਾਂ ਨੇ ਤਨਖਾਹ ਦੀ ਪੇਸ਼ਕਸ਼ ਦੀ ਆਲੋਚਨਾ ਕਰਦਿਆਂ ਇਸ ਨੂੰ ਅਪਮਾਨਜਨਕ, ਨਾਕਾਫੀ ਅਤੇ ਸਪੱਸ਼ਟ ਰੂਪ ਨਾਲ ਭਿਆਨਕ ਦੱਸਿਆ। ਜੀ ਐੱਮ ਬੀ ਦੇ ਰਾਸ਼ਟਰੀ ਅਧਿਕਾਰੀ ਰਾਚੇਲ ਹੈਰੀਸਨ ਨੇ ਇਸ ਪੇਸ਼ਕਸ਼ ਨੂੰ ਅਪਮਾਨਜਨਕ ਦੱਸਿਆ ਅਤੇ ਕਿਹਾ ਕਿ ਹਸਪਤਾਲ ਅਤੇ ਐਂਬੂਲੈਂਸ ਸੇਵਾਵਾਂ, ਵੱਧ ਰਹੀ ਮੰਗ ਅਤੇ ਸਟਾਫ ਦੀ ਘਾਟ ਕਾਰਨ ਬਹੁਤ ਦਬਾਅ ਹੇਠ ਕੰਮ ਕਰ ਰਹੀਆਂ ਹਨ। 

 

ਅਜਿਹੇ ਸਮੇਂ ਸਟਾਫ ਦੀ ਭਲਾਈ ਦੀ ਬਜਾਏ ਘੱਟ ਤਨਖਾਹ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਦੁਆਰਾ ਐੱਨ ਐੱਚ ਐੱਸ ਸਟਾਫ ਦੀ ਤਨਖਾਹ ਵਿੱਚ 1% ਦਾ ਵਾਧਾ ਕਰਨ ਦੀ ਗੱਲ ਕਹੀ ਸੀ, ਜਿਸ ਦੀ ਵੱਡੇ ਪੱਧਰ ‘ਤੇ ਆਲੋਚਨਾ ਕੀਤੀ ਗਈ ਸੀ। ਉਸ ਤੋਂ ਬਾਅਦ ਪਿਛਲੇ ਪ੍ਰਸਤਾਵ ਵਿੱਚ ਸੁਧਾਰ ਕਰਕੇ ਹੁਣ 3% ਵਾਧੇ ਦਾ ਐਲਾਨ ਕੀਤਾ ਗਿਆ ਹੈ।