UK News

ਇੰਗਲੈਂਡ ‘ਚ 13 ਮਿਲੀਅਨ ਤੱਕ ਪਹੁੰਚ ਸਕਦੀ ਹੈ ਗੈਰ ਕੋਰੋਨਾ ਇਲਾਜ ਵਾਲੇ ਮਰੀਜ਼ਾਂ ਦੀ ਉਡੀਕ ਸੂਚੀ

ਗਲਾਸਗੋ/ਲੰਡਨ  ਇੰਗਲੈਂਡ ਵਿੱਚ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਗੈਰ ਕੋਰੋਨਾ ਇਲਾਜ, ਅਪ੍ਰੇਸ਼ਨ ਕਰਵਾਉਣ ਲਈ ਲੱਖਾਂ ਲੋਕ ਉਡੀਕ ਕਰ ਰਹੇ ਹਨ। ਇਸ ਸਬੰਧੀ ਇੰਗਲੈਂਡ ਦੇ ਨਵੇਂ ਬਣੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਚਿਤਾਵਨੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ ਪ੍ਰਭਾਵ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਹਸਪਤਾਲ ਦੇ ਹੋਰ ਇਲਾਜਾਂ ਲਈ ਉਡੀਕ ਰਹੇ ਮਰੀਜ਼ਾਂ ਦੀ ਗਿਣਤੀ 13 ਮਿਲੀਅਨ ਤੋਂ ਵੱਧ ਹੋ ਸਕਦੀ ਹੈ। 

 

ਸਿਹਤ ਸਕੱਤਰ ਅਨੁਸਾਰ ਐੱਨ ਐੱਚ ਐੱਸ ‘ਤੇ ਗੈਰ ਕੋਰੋਨਾ ਵਾਇਰਸ ਇਲਾਜਾਂ ਦੀ ਉਡੀਕ ਕਰ ਰਹੇ ਲੋਕਾਂ ਦੀ ਵੱਧ ਰਹੀ ਗਿਣਤੀ, ਉਸ ਨੂੰ ਹੈਰਾਨ ਕਰ ਰਹੀ ਹੈ। ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਇਹ ਗਿਣਤੀ 3.5 ਮਿਲੀਅਨ ਤੋਂ 5.3 ਮਿਲੀਅਨ ਤੱਕ ਪਹੁੰਚ ਚੁੱਕੀ ਹੈ ਅਤੇ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਕਰਕੇ ਇਹ ਗਿਣਤੀ ਕੁੱਝ ਸਮੇਂ ਵਿੱਚ 13 ਮਿਲੀਅਨ ਹੋ ਸਕਦੀ ਹੈ। ਐੱਨ ਐੱਚ ਐੱਸ ਟਰੱਸਟ ਇੱਕ ਵਾਰ ਫਿਰ ਵਧ ਰਹੇ ਕੋਵਿਡ ਕੇਸਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਕੈਂਸਰ ਦੀ ਜਾਂਚ, ਦਿਲ ਦੀ ਬਿਮਾਰੀ ਸਮੇਤ ਹੋਰ ਇਲਾਜ਼ਾਂ ਦਾ ਬੈਕਲਾਗ ਵਧ ਰਿਹਾ ਹੈ। 

 

ਇਸ ਸਮੱਸਿਆ ਵਿੱਚ ਇਕਾਂਤਵਾਸ ਕਾਰਨ ਪੈਦਾ ਹੋ ਰਹੀ ਕਰਮਚਾਰੀਆਂ ਦੀ ਘਾਟ ਦਾ ਵੀ ਯੋਗਦਾਨ ਹੈ। ਇੰਗਲੈਂਡ ਵਿੱਚ ਐੱਨ ਐੱਚ ਐੱਸ ਟਰੱਸਟ ਦੀ ਮੈਂਬਰਸ਼ਿਪ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਸਿਰਫ ਤਿੰਨ ਹਫ਼ਤਿਆਂ ਵਿੱਚ ਹੀ ਸਟਾਫ ਦਾ ਪੰਜਵਾਂ ਹਿੱਸਾ ਗੈਰਹਾਜ਼ਰ ਹੋ ਸਕਦਾ ਹੈ, ਜਿਸ ਨਾਲ ਸੰਭਾਵਤ ਤੌਰ ‘ਤੇ 900 ਤੋਂ ਵੱਧ ਇਲਾਜਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਹਾਲਾਂਕਿ ਸਿਹਤ ਸਕੱਤਰ ਨੇ ਇਸ ਗਿਣਤੀ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਹੈ ਪਰ ਉਹਨਾਂ ਅਨੁਸਾਰ ਇਸ ਬੈਕਲਾਗ ਨੂੰ ਘਟਾਉਣ ਵਿੱਚ ਸਮਾਂ ਲੱਗ ਸਕਦਾ ਹੈ।