World

ਇੰਗਲੈਂਡ ਦੇ ਮੈਡਮ ਤੁਸ਼ਾਦ ਮਿਊਜ਼ੀਅਮ ‘ਚ ਲੱਗੇਗੀ ਰਾਮਦੇਵ ਦੀ ਮੋਮ ਦੀ ਮੂਰਤੀ

ਲੰਡਨ— ਇੰਗਲੈਂਡ ਦੇ ਇਤਿਹਾਸਿਕ ਮੈਡਮ ਤੁਸ਼ਾਦ ਮਿਊਜ਼ੀਅਮ ‘ਚ ਯੋਗ ਗੁਰੂ ਸਵਾਮੀ ਰਾਮਦੇਵ ਦੀ ਵੀ ਮੋਮ ਦੀ ਮੂਰਤੀ ਲੱਗਣ ਜਾ ਰਹੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿਸ਼ੇਸ਼ ਆਯੋਜਨ ‘ਚ ਹਿੱਸਾ ਲੈਣ ਪਹੁੰਚੇ ਸਵਾਮੀ ਰਾਮਦੇਵ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਕੋਲ ਇਸ ਦਾ ਪ੍ਰਸਤਾਵ ਪੈਂਡਿੰਗ ਸੀ ਪਰ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਦੀ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਰੀਫ ਪਸੰਦ ਨਹੀਂ ਹੈ, ਇਸ ਲਈ ਅੱਜ ਤੱਕ ਉਨ੍ਹਾਂ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਮੈਡਮ ਤੁਸ਼ਾਦ ਮਿਊਜ਼ੀਅਮ ‘ਚ ਦੁਨੀਆ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਯੋਗ ਤੇ ਯੋਗੀ ਦੇ ਬਾਰੇ ‘ਚ ਜਾਨਣ ਦਾ ਮੌਕਾ ਦੇਣ ਦੇ ਲਈ ਉਨ੍ਹਾਂ ਨੇ ਇਸ ਦੇ ਲਈ ਹਾਮੀ ਭਾਰੀ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਯੋਗ ਨਾ ਸਿਰਫ ਸਰੀਰਕ ਸਮਰਥਾ ਨੂੰ ਵਧਾਉਂਦਾ ਹੈ ਬਲਕਿ ਇਹ ਵਿਸ਼ਵ ਸ਼ਾਂਤੀ ਤੇ ਸਿਹਤ ਦਾ ਬਿਹਤਰੀਨ ਜ਼ਰੀਆ ਹੈ।