UK News

ਇੰਗਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ ਜਿੰਮੀ ਗ੍ਰੀਵਜ਼ ਦਾ ਦਿਹਾਂਤ

ਲੰਡਨ- ਇੰਗਲੈਂਡ ਲਈ 57 ਫੁੱਟਬਾਲ ਮੈਚਾਂ ਵਿਚ 44 ਗੋਲ ਕਰਨ ਵਾਲੇ ਮਹਾਨ ਖਿਡਾਰੀ ਜਿੰਮੀ ਗ੍ਰੀਵਜ਼ ਦਾ ਦਿਹਾਂਤ ਹੋ ਗਿਆ ਹੈ। ਉਹ 81 ਸਾਲਾਂ ਦੇ ਸਨ। ਇੰਗਲੈਂਡ ਦੀ ਰਾਸ਼ਟਰੀ ਟੀਮ ਤੋਂ ਇਲਾਵਾ ਉਨ੍ਹਾਂ ਨੇ ਟੋਟੇਨਹਮ, ਚੇਲਸੀ ਅਤੇ ਏਸੀ ਮਿਲਾਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਟੋਟਨਹੈਮ ਲਈ 379 ਮੈਚਾਂ ਵਿਚ ਰਿਕਾਰਡ 266 ਗੋਲ ਕੀਤੇ। ਇਸੇ ਕਲੱਬ ਨੇ ਐਤਵਾਰ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਟੋਟੇਨਹਮ ਨੇ ਦੱਸਿਆ, ‘ਆਪਣੇ ਸ਼ਾਨਦਾਰ ਕਰੀਅਰ ਦੌਰਾਨ ਜਿੰਮੀ ਦਾ ਸਟ੍ਰਾਈਕ ਰੇਟ (ਪ੍ਰਤੀ ਮੈਚ ਗੋਲ ਔਸਤ) ਸ਼ਾਨਦਾਰ ਸੀ। 

ਗ੍ਰੀਵਜ਼ ਇਸ ਤੋਂ ਪਹਿਲਾਂ 2012 ਵਿਚ ਮਾਮੂਲੀ ਅਤੇ 2015 ਵਿਚ ਗੰਭੀਰ ਦਿਲ ਦਾ ਦੌਰਾ ਪਿਆ ਸੀ। ਗ੍ਰੀਵਜ਼ ਇੰਗਲੈਂਡ ਦੀ ਚੋਟੀ ਦੀ ਘਰੇਲੂ ਫੁਟਬਾਲ ਲੀਗ ਵਿਚ ਲਗਾਤਾਰ ਤਿੰਨ ਸੀਜ਼ਨਾਂ ਵਿਚ ਸਭ ਤੋਂ ਵੱਧ ਗੋਲ ਕਰਨ ਦੀ ਸੂਚੀ ਵਿਚ ਸਿਖ਼ਰ ਉੱਤੇ ਰਹਿਣ ਵਾਲੇ ਪਹਿਲੇ ਖਿਡਾਰੀ ਹਨ। ਉਨ੍ਹਾਂ ਨੇ ਰਾਸ਼ਟਰੀ ਟੀਮ ਲਈ ਰਿਕਾਰਡ 6 ਹੈਟ੍ਰਿਕ ਗੋਲ ਕੀਤੇ ਹਨ। ਹਾਲਾਂਕਿ ਉਹ ਟੀਮ ਵਿਚ ਹੋਣ ਦੇ ਬਾਵਜੂਦ 1966 ਦੇ ਵਿਸ਼ਵ ਕੱਪ ਦੇ ਫਾਈਨਲ ਵਿਚ ਮੈਦਾਨ ਵਿਚ ਨਹੀਂ ਉਤਰ ਸਕੇ ਸਨ। ਉਹ ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ ਟੀਮ ਵਿਚ ਜਿਓਫ ਹਰਸਟ ਨੂੰ ਸ਼ਾਮਲ ਕੀਤਾ ਗਿਆ ਸੀ।

ਗ੍ਰੀਵਜ਼ ਦੇ ਫਿਟ ਹੋਣ ਤੋਂ ਬਾਅਦ ਵੀ ਹਰਸਟ ਦੀ ਜਗ੍ਹਾ ਟੀਮ ਵਿਚ ਬਣੀ ਰਹੀ। ਉਸ ਸਮੇਂ ਬਦਲਵੇਂ ਖਿਡਾਰੀਆਂ ਦਾ ਕੋਈ ਬਦਲ ਨਹੀਂ ਸੀ। ਉਨ੍ਹਾਂ ਨੂੰ ਵਿਸ਼ਵ ਕੱਪ ਫਾਈਨਲ ਵਿਚ ਨਾ ਖੇਡਣ ਦੀ ਨਿਰਾਸ਼ਾ ਉਮਰ ਭਰ ਰਹੀ। ਗ੍ਰੀਵਜ਼ ਦਾ ਜਨਮ 20 ਫਰਵਰੀ 1940 ਨੂੰ ਹੋਇਆ ਸੀ ਅਤੇ 17 ਸਾਲ ਦੀ ਉਮਰ ਵਿਚ ਚੇਲਸੀ ਨਾਲ ਜੁੜੇ ਸਨ। ਉਹ 20 ਸਾਲ 290 ਦਿਨ ਦੀ ਉਮਰ ਵਿਚ ਲੀਗ ਵਿਚ 100 ਗੋਲ ਪੂਰੇ ਕਰਨ ਵਾਲੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣੇ। ਉਨ੍ਹਾਂ ਨੇ ਕੁੱਲ 516 ਲੀਗ ਮੈਚਾਂ ਵਿਚ 357 ਗੋਲ ਕੀਤੇ ਹਨ।