UK News

ਇੰਗਲੈਂਡ ਦੇ ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ ਖ਼ੂਨਦਾਨ ਦੀ ਪੜ੍ਹਾਈ

ਗਲਾਸਗੋ/ਲੰਡਨ –ਖ਼ੂਨਦਾਨ ਨੂੰ ਵਿਸ਼ਵ ਭਰ ’ਚ ਮਹਾਦਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਦਾਨ ਕਰ ਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਖ਼ੂਨਦਾਨ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਇੰਗਲੈਂਡ ਦੇ ਸੈਕੰਡਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪਹਿਲੀ ਵਾਰ ਸਕੂਲੀ ਪਾਠਕ੍ਰਮ ’ਚ ਖ਼ੂਨ ਅਤੇ ਅੰਗ ਦਾਨ ਬਾਰੇ ਪੜ੍ਹਾਇਆ ਜਾਵੇਗਾ। ਖੂਨ ਅਤੇ ਅੰਗ ਦਾਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਸ ਵਿੱਦਿਅਕ ਸਾਲ ’ਚ ਪਹਿਲੀ ਵਾਰ ਪਾਠਕ੍ਰਮ ’ਚ ਸਟੈਮ ਸੈੱਲ ਦਾਨ , ਜਿਸ ਦਾ ਉਪਯੋਗ ਖੂਨ ਦੇ ਕੈਂਸਰ ਆਦਿ ਦੇ ਇਲਾਜ ਲਈ ਕੀਤਾ ਜਾ ਸਕਦਾ ਹੈ, ਬਾਰੇ ਵੀ ਸਿੱਖਿਆ ਦਿੱਤੀ ਜਾਵੇਗੀ। ਇਸ ਯੋਜਨਾ ਲਈ ਐੱਨ. ਐੱਚ. ਐੱਸ. ਬਲੱਡ ਐਂਡ ਟ੍ਰਾਂਸਪਲਾਂਟ (ਐੱਨ. ਐੱਚ. ਐੱਸ. ਬੀ. ਟੀ.) ਨੇ ਬਲੱਡ ਕੈਂਸਰ ਚੈਰਿਟੀ ਐਂਥਨੀ ਨੋਲਨ ਅਤੇ ਅਧਿਆਪਕਾਂ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਕੂਲਾਂ ਨੂੰ ਪਾਠਾਂ ਦੀ ਵਰਤੋਂ ਲਈ ਮੁਫਤ ਸਰੋਤ ਦਿੱਤੇ ਜਾ ਸਕਣ।

ਇਸ ਤੋਂ ਇਲਾਵਾ ਬਲੱਡ ਕੈਂਸਰ ਚੈਰਿਟੀ ਡੀ. ਕੇ. ਐੱਮ. ਐੱਸ. ਨੇ ਇੰਗਲੈਂਡ ਦੇ ਸੈਕੰਡਰੀ ਸਕੂਲੀ ਬੱਚਿਆਂ ਨੂੰ ਰਾਸ਼ਟਰੀ ਪਾਠਕ੍ਰਮ ਦੇ ਹਿੱਸੇ ਵਜੋਂ ਦਾਨ ਰਾਹੀਂ ਜੀਵਨ ਬਚਾਉਣ ਦੀ ਸਿੱਖਿਆ ਦੇਣ ਦਾ ਸਮਰਥਨ ਕੀਤਾ ਹੈ। ਸੰਸਥਾ ਅਨੁਸਾਰ ਇਸ ਪਹਿਲ ਰਾਹੀਂ ਵਿਦਿਆਰਥੀਆਂ ’ਚ ਖ਼ੂਨ ਅਤੇ ਅੰਗਦਾਨ ਦੀ ਮਹੱਤਤਾ ਨੂੰ ਸਮਝਦਿਆਂ ਸੇਵਾ ਭਾਵਨਾ ਦਾ ਵਿਕਾਸ ਹੋਵੇਗਾ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਬਚਾਉਣ ’ਚ ਮਦਦ ਮਿਲ ਸਕਦੀ ਹੈ।