ਗਲਾਸਗੋ/ ਐਡਿਨਬਰਾ – ਸਕਾਟਲੈਂਡ ਦੇ ਰਾਇਲ ਸਕਾਟਿਸ਼ ਡ੍ਰੈਗਨ ਗਾਰਡਜ਼ ਨੇ ਆਪਣੀ 50 ਵੀਂ ਵਰ੍ਹੇਗੰਢ ਮਨਾਉਣ ਲਈ ਸ਼ੁੱਕਰਵਾਰ ਨੂੰ ਐਡਿਨਬਰਾ ਵਿੱਚ ਰਾਇਲ ਮੀਲ ਵੱਲ ਮਾਰਚ ਕੀਤਾ। ਇਹ ਰੈਜੀਮੈਂਟ ਐਡਿਨਬਰਾ ‘ਚ ਮਾਰਚ ਕਰਨ ਲਈ ਆਪਣੇ ਵਿਸ਼ਵ-ਪ੍ਰਸਿੱਧ ਸੰਗੀਤਕ ਉਪਕਰਣਾਂ ਜਿਵੇਂ ਕਿ ਪਾਈਪਾਂ ਅਤੇ ਢੋਲਾਂ ਨਾਲ ਪੂਰੀ ਵਰਦੀ ਵਿੱਚ ਸੀ। ਰਾਇਲ ਸਕਾਟਿਸ਼ ਡ੍ਰੈਗਨ ਗਾਰਡਜ਼ ਸਕਾਟਲੈਂਡ ਦੀ ਸੀਨੀਅਰ ਤੇ ਘੋੜਸਵਾਰ ਰੈਜੀਮੈਂਟ ਹੈ ਅਤੇ 2 ਜੁਲਾਈ 1971 ਨੂੰ ਐਡਿਨਬਰਾ ਦੇ ਹੋਲੀਰੂਡ ਪਾਰਕ ਵਿੱਚ ਅਧਿਕਾਰਿਤ ਕੀਤੀ ਸੀ। ਪਰ ਇਸਦੀ ਵਿਰਾਸਤ 1678 ਦੀ ਹੈ, ਜਦੋਂ ਜਨਰਲ ਥੌਮਸ ‘ਬਲਿਉਡੀ ਟੈਮ ਡੈਲੀਅਲ’ ਦੁਆਰਾ ਹਾਊਸ ਆਫ ਦ ਬਿਨਸ, ਲਿਨਲਿਥਗੋ ਵਿਖੇ ਡ੍ਰੈਗਨਸ ਦੀਆਂ ਤਿੰਨ ਸੁਤੰਤਰ ਫੌਜਾਂ ਖੜ੍ਹੀਆਂ ਕੀਤੀਆਂ ਗਈਆਂ ਸਨ। ਪਿਛਲੇ 50 ਸਾਲਾਂ ਦੇ ਦੌਰਾਨ, ਇਸ ਰੈਜੀਮੈਂਟ ਨੂੰ ਕਈ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ, ਜਿਹਨਾਂ ਵਿੱਚ ਉੱਤਰੀ ਆਇਰਲੈਂਡ ਦੇ ਚਾਰ ਦੌਰੇ, 1991 ਵਿੱਚ ਖਾੜੀ ਯੁੱਧ, ਬੋਸਨੀਆ ਅਤੇ ਕੋਸੋਵੋ ਵਿੱਚ ਨਾਟੋ ਮਿਸ਼ਨ ਅਤੇ ਇਰਾਕ ਤੇ ਅਫਗਾਨਿਸਤਾਨ ਦੀ ਮੁਹਿੰਮ ਵੀ ਸ਼ਾਮਲ ਹੈ। ਸਕਾਟਿਸ਼ ਗਾਰਡਜ਼ ਦਾ ਬੇਸ ਹੁਣ ਲਿਉਚਾਰਸ, ਫਾਈਫ ਵਿੱਚ ਹੈ ਅਤੇ ਰੈਜੀਮੈਂਟ ਕੋਲ ਜੈਕਲ ਅਤੇ ਕੋਯੋਟ ਵਰਗੇ ਵਾਹਨ ਵੀ ਹਨ। 2019-20 ਵਿੱਚ, ਓਪਰੇਸ਼ਨ ਰੇਸਕ੍ਰਿਪਟ ਦੇ ਦੌਰਾਨ, ਰੈਜੀਮੈਂਟ ਨੇ ਇਸ ਸਾਲ ਫਰਵਰੀ ਤੱਕ ਮਹਾਂਮਾਰੀ ਦੀ ਸ਼ੁਰੂਆਤ ਤੋਂ ਕੋਵਿਡ -19 ਟੈਸਟਿੰਗ ਅਤੇ ਟੀਕਾਕਰਣ ਪ੍ਰੋਗਰਾਮਾਂ ਦੇ ਨਾਲ ਐੱਨ ਐੱਚ ਐੱਸ ਸਕਾਟਲੈਂਡ ਦੀ ਸਹਾਇਤਾ ਵੀ ਕੀਤੀ ਹੈ। ਇਹ ਰੈਜੀਮੈਂਟ ਹੁਣ ਰਾਸ਼ਟਰ ਦਾ ਸਮਰਥਨ ਕਰਨ ਤੋਂ ਲੈ ਕੇ ਵੱਡੇ ਲੜਾਈ ਕਾਰਜਾਂ ਸਮੇਤ ਕਈ ਹੋਰ ਖੇਤਰਾਂ ਵਿੱਚ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹੈ।
