India News

ਕਰਨਾਲ ਲਾਠੀਚਾਰਜ: ਕਿਸਾਨ ਮਹਾਪੰਚਾਇਤ ’ਚ ਬੋਲੇ ਚਢੂਨੀ- ‘ਡਿਪਟੀ CM ਤੁਰੰਤ ਕਰਨ ਕਾਰਵਾਈ’

ਕਰਨਾਲ— ਹਰਿਆਣਾ ਦੇ ਕਰਨਾਲ ’ਚ ਬੀਤੇ ਸ਼ਨੀਵਾਰ ਨੂੰ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਘਰੌਂੜਾ ’ਚ ਕਿਸਾਨਾਂ ਨੇ ਅੱਜ ਮਹਾਪੰਚਾਇਤ ਸੱਦੀ। ਇਸ ਮਹਾਪੰਚਾਇਤ ਵਿਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ। ਮਹਾਪੰਚਾਇਤ ’ਚ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅੰਦੋਲਨ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ, ਉਸ ਨੂੰ ਲੈ ਕੇ ਅੱਜ ਫ਼ੈਸਲਾ ਲਿਆ ਜਾਵੇਗਾ। ਕਿਸਾਨਾਂ ’ਤੇ ਜੋ ਲਾਠੀਚਾਰਜ ਹੋਈ ਹੈ, ਉਸ ਨੂੰ ਲੈ ਕੇ ਅਸੀਂ ਰਣਨੀਤੀ ਬਣਾਵਾਂਗੇ।

 

ਇਸ ਬਾਬਤ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਸਾਨਾਂ ਦੇ ਵੱਡੇ ਇਕੱਠ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਘਰੌਂੜਾ ਵਿਚ ਸਾਰੇ ਕਿਸਾਨ ਜਥੇਬੰਦੀਆਂ ਦੀ ਬੈਠਕ ਬੁਲਾਈ ਸੀ ਪਰ ਵੇਖੋ ਇਹ ਬੈਠਕ ਮਹਾਪੰਚਾਇਤ ਵਿਚ ਬਦਲ ਗਈ ਹੈ। ਇਸ ਵਿਚ ਹਜ਼ਾਰਾਂ ਕਿਸਾਨ ਹਾਜ਼ਰ ਹੋਏ, ਅਜਿਹਾ ਹੈ ਜ਼ਮੀਨ ’ਤੇ ਜੋਸ਼।

 

ਚਢੂਨੀ ਨੇ ਕਿਹਾ ਕਿ ਸਰਕਾਰ ਨਾਲ ਲੜਨ ਦੀ ਯੋਜਨਾ ਬਣਾਵਾਂਗੇ। ਚਢੂਨੀ ਨੇ ਅੱਗੇ ਕਿਹਾ ਕਿ ਅਜੇ ਸਰਕਾਰ ਤੋਂ ਕੋਈ ਡਿਮਾਂਡ ਨਹੀਂ ਹੈ ਪਰ ਦੋਸ਼ੀ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਤਾਂ ਕਰਾਂਗੇ। ਉਨ੍ਹਾਂ ਕਿਹਾ ਕਿ ਕਰਨਾਲ ਜ਼ਿਲ੍ਹੇ ਦੇ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਲਾਠੀਚਾਰਜ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। 

ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਲੈ ਕੇ ਦਿੱਤਾ ਬਿਆਨ— 
ਚਢੂਨੀ ਨੇ ਉੱਪ ਮੁੱਖ ਮੰਤਰੀ (ਡਿਪਟੀ ਸੀ. ਐੱਮ.) ਦੁਸ਼ਯੰਤ ਚੌਟਾਲਾ ਦੇ ਉਸ ਬਿਆਨ ’ਤੇ ਵੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ’ਤੇ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਥੋੜ੍ਹੀ ਹੈ ਨਾ, ਜੋ ਕਾਰਵਾਈ ਕਰਨੀ ਹੈ ਉਹ ਤੁਰੰਤ ਕਰ ਦੇਣ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਕਿਸਾਨ ਕਹੀ ਲੈ ਕੇ ਪੁਲਸ ਜਵਾਨਾਂ ਦੇ ਪਿੱਛੇ ਦੌੜ ਰਿਹਾ ਹੈ, ਉਹ ਪੁਲਸ ਵਾਲਿਆਂ ਤੋੋਂ 25 ਫੁੱਟ ਦੂਰ ਹੈ। ਕਹੀ ਉਸ ਦੇ ਹੱਥ ਵਿਚ ਜ਼ਰੂਰ ਹੈ ਪਰ ਉਹ ਪੁਲਸ ਵਾਲਿਆਂ ਦੇ ਨੇੜੇ ਨਹੀਂ ਹੈ। ਉਸ ਨੇ ਪੁਲਸ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ।