India News

ਕਸ਼ਮੀਰ ’ਤੇ ਚੀਨ ਦੀ ਚੁੱਪੀ ਭਾਰਤ ਦੀ ਜਿੱਤ ਪਾਕਿ ਦੀ ਹਾਰ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਪਿਛਲੇ ਵਿਵਾਦਾਂ ਨੂੰ ਲਾਂਭੇ ਕਰਦਿਆਂ ਅਗਲੇਰੀ ਰਾਹ ਤਿਆਰ ਕਰਨ ਦੇ ਪੱਖ ਤੋਂ ਬਹੁਤ ਸਫ਼ਲ ਸਿੱਧ ਹੋਈ ਹੈ। ਖ਼ਾਸ ਤੌਰ ’ਤੇ ਪਾਕਿਸਤਾਨ ਦੇ ਸਭ ਤੋਂ ਅਹਿਮ ਸਹਿਯੋਗੀ ਮੰਨੇ ਜਾ ਰਹੇ ਚੀਨ ਦੇ ਰਾਸ਼ਟਰਪਤੀ ਨੇ ਜਿਵੇਂ ਕਸ਼ਮੀਰ ਮੁੱਦੇ ’ਤੇ ਖ਼ਾਮੋਸ਼ੀ ਕਾਇਮ ਰੱਖੀ; ਉਸ ਨੂੰ ਭਾਰਤ ਦੀ ਵੱਡੀ ਸਫ਼ਲਤਾ ਤੇ ਪਾਕਿਸਤਾਨ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।
ਜਿਨਪਿੰਗ ਦੀ ਯਾਤਰਾ ਦੌਰਾਨ ਸਭ ਤੋਂ ਵੱਧ ਕਿਆਸਅਰਾਈਆਂ ਕਸ਼ਮੀਰ ਨੂੰ ਲੈ ਕੇ ਲੱਗ ਰਹੀਆਂ ਸਨ। ਪਰ ਵਿਸ਼ਵ ਦੇ ਦੋ ਤਾਕਤਵਰ ਦੇਸ਼ਾਂ ਦੇ ਆਗੂਆਂ ਨੇ ਵਿਵਾਦਾਂ ਦੇ ਪਰਛਾਵੇਂ ਤੋਂ ਬਚਦਿਆਂ ਵਪਾਰ ਤੇ ਆਪਸੀ ਸੰਪਰਕ ਤੇ ਸਹਿਯੋਗ ਹੋਰ ਵਧਾਉਣ ਦਾ ਫ਼ੈਸਲਾ ਕੀਤਾ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿਹੋ ਜਿਹੀ ਰਣਨੀਤੀ ਅਪਣਾਈ ਸੀ; ਉਸ ਵਿੱਚ ਉਹ ਸਫ਼ਲ ਸਿੱਧ ਹੋਏ। ਉਨ੍ਹਾਂ ਦੀ ਜਿਨਪਿੰਗ ਨਾਲ ਨਿਜੀ ਕੈਮਿਸਟ੍ਰੀ ਦਾ ਅਸਰ ਸਪੱਸ਼ਟ ਵਿਖਾਈ ਦਿੱਤਾ। ਕੂਟਨੀਤਕ ਮਾਮਲਿਆਂ ਦੇ ਜਾਣਕਾਰ ਸ੍ਰੀ ਜੀ. ਪਾਰਥਾਸਾਰਥੀ ਨੇ ਕਿਹਾ ਕਿ ਨਿਜੀ ਰਿਸ਼ਤੇ ਬਣਾਉਣਾ ਤੇ ਉਸ ਦੀ ਕੂਟਨੀਤਕ ਵਰਤੋਂ ਕਰਨਾ ਅਜਿਹੀਆਂ ਗ਼ੈਰ–ਰਸਮੀ ਯਾਤਰਾਵਾਂ ਵੇਲੇ ਕਾਫ਼ੀ ਅਹਿਮ ਹੁੰਦਾ ਹੈ। ਇੰਝ ਦੋਵੇਂ ਆਗੂਆਂ ਨੇ ਭਰੋਸਾ ਮਜ਼ਬੂਤ ਕਰਨ ਲਈ ਗੱਲ ਕੀਤੀ।
ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਨੇ ਵਪਾਰ, ਨਿਵੇਸ਼ ਤੇ ਸੇਵਾ ਲਈ ਵੱਖਰੀ ਪ੍ਰਣਾਲੀ ਬਣਾਉਣ ਦਾ ਐਲਾਨ ਕਰ ਕੇ ਸਪੱਸ਼ਟ ਸੰਕੇਤ ਦਿੱਤਾ ਕਿ ਆਰਥਿਕ ਪ੍ਰਗਤੀ ਤੇ ਵਿਕਾਸ ਦਾ ਏਜੰਡਾ ਉਨ੍ਹਾਂ ਲਈ ਸਭ ਤੋਂ ਵੱਧ ਅਹਿਮ ਹੈ।
ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕਸ਼ਮੀਰ ਦਾ ਮੁੱਦਾ ਇਸ ਮੀਟਿੰਗ ਦੌਰਾਨ ਉੱਠਦਾ, ਤਾਂ ਸਾਰੀ ਗੱਲਬਾਤ ਦਾ ਧਿਆਨ ਕਸ਼ਮੀਰ ਉੱਤੇ ਹੀ ਕੇਂਦ੍ਰਿਤ ਹੋ ਜਾਂਦਾ; ਇਸ ਨਾਲ ਦੋਵੇਂ ਦੇਸ਼ਾਂ ਦੇ ਆਰਥਿਕ ਏਜੰਡੇ ਉੱਤੇ ਮਾੜਾ ਅਸਰ ਪੈ ਸਕਦਾ ਸੀ।
ਭਾਰਤ ਨੇ ਵੀ ਚੀਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਿਆ। ਦੋਵੇਂ ਦੇਸ਼ਾਂ ਨੇ ਅੱਤਵਾਦ ਤੇ ਕੱਟੜਪੰਥੀ ਦੀ ਚੁਣੌਤੀ ਦਾ ਜ਼ਿਕਰ ਗੱਲਬਾਤ ਰਾਹੀਂ ਕੀਤਾ ਪਰ ਵਿਵਾਦਾਂ ਤੋਂ ਦੂਰ ਰਹੇ।