Punjab News

ਕਿਸਾਨਾਂ ਦੀ ਕੈਪਟਨ ਨਾਲ ਬੈਠਕ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਕੀਤਾ ਟਵੀਟ

ਚੰਡੀਗੜ੍ਹ – ਕੈਪਟਨ ਅੰਮਰਿੰਦਰ ਸਿੰਘ ਦੀ ਕਿਸਾਨ ਆਗੂਆਂ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਫਿਰ ਗੰਨਾ ਕਾਸ਼ਤਕਾਰਾਂ ਦੇ ਹੱਕ ’ਚ ਟਵੀਟ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘2018 ਤੋਂ ਗੰਨਾ ਕਾਸ਼ਤਕਾਰਾਂ ਦਾ ਰਾਜ ਸਲਾਹਕਾਰੀ ਮੁੱਲ (ਸਟੇਟ ਐਡਵਾਈਜ਼ਰੀ ਪ੍ਰਾਈਜ਼) ਨਹੀਂ ਵਧਿਆ, ਜਦਕਿ ਖ਼ਰਚੇ 30 ਫ਼ੀਸਦੀ ਤੱਕ ਵੱਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਅਨੁਸਾਰ ਗੰਨਾ ਕਾਸ਼ਤਕਾਰਾਂ ਤੇ ਸ਼ੂਗਲ ਮਿੱਲ ਮਾਲਕਾਂ ਨੂੰ ਬਰਾਬਰ ਦਾ ਲਾਭ ਮਿਲਣਾ ਚਾਹੀਦਾ ਹੈ।

ਸਿੱਧੂ ਨੇ ਲਿਖਿਆ ਕਿ ਸਰਕਾਰ ਨੂੰ ਉੱਚ ਉਤਪਾਦਕਤਾ ਅਤੇ ਉੱਚ ਮੁੱਲ ਦੇ ਉਤਪਾਦਾਂ (ਈਥਾਨੌਲ, ਬਾਇਓਫਿਊਲ ਤੇ ਬਿਜਲੀ) ਦੇ ਉਤਪਾਦਨ ਲਈ ਖੰਡ ਮਿੱਲਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਕਿਸਾਨਾਂ ਤੇ ਸ਼ੂਗਰ ਮਿੱਲਾਂ ਦੋਵਾਂ ਦੇ ਲਾਭ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ। ਕਿਸਾਨਾਂ ਦੀਆਂ ਮੰਗਾਂ ਅਨੁਸਾਰ ਐੱਸ.ਏ.ਪੀ. ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਬਾਕੀ ਦਾ ਰਹਿ ਗਿਆ ਬਕਾਇਆ ਜਾਰੀ ਕੀਤਾ ਜਾਵੇ। 

ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਇਹ ਟਵੀਟ ਕਰਕੇ ਮੁੜ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਪੰਜਾਬ ‘ਚ ਗੰਨਾ ਕਾਸ਼ਤਕਾਰਾਂ ਨੇ ਗੰਨੇ ਦੇ ਸਮਰਥਨ ਮੁੱਲ ‘ਚ ਵਾਧਾ ਕਰਨ ਤੇ ਪਿਛਲਾ ਬਕਾਇਆ ਜਲਦ ਜਾਰੀ ਕਰਨ ਨੂੰ ਲੈ ਕੇ ਜਲੰਧਰ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਧਰਨਾ ਲਾਇਆ ਹੋਇਆ ਹੈ, ਜਿਸ ਕਾਰਨ ਸੜਕੀ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ।