India News

ਕਿਸਾਨ ਅੰਦੋਲਨ: ਜੰਗ ਜਿੱਤਣ ਤੋਂ ਬਾਅਦ ਸ਼ੁਕਰਾਨਾ ਅਦਾ ਕਰਨ ਗੁਰਦੁਆਰਾ ਬੰਗਲਾ ਸਾਹਿਬ ਪੁੱਜੇ ਕਿਸਾਨ ਆਗੂ

ਨਵੀਂ ਦਿੱਲੀ – ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਅਤੇ ਅੰਦੋਲਨ ਸਮਾਪਤੀ ਤੋਂ ਬਾਅਦ ਸਾਰੇ ਕਿਸਾਨ ਨੇਤਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿੱਚ ਨਤਮਸਤਕ ਹੋਏ। ਕਿਸਾਨ ਨੇਤਾਵਾਂ ਨੇ ਇੱਥੇ ਸ਼ੁਕਰਾਨਾ ਅਦਾ ਕੀਤਾ ਅਤੇ ਸੁਰੱਖਿਅਤ ਵਾਪਸੀ ਲਈ ਅਰਦਾਸ ਕੀਤੀ। 

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਪੁੱਜੇ ਕਿਸਾਨ ਨੇਤਾਵਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਨੇਤਾ ਸ਼ਾਮਲ ਰਹੇ। ਇਨ੍ਹਾਂ ਵਿੱਚ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਜੋਗਿੰਦਰ ਸਿੰਘ ਸਮੇਤ ਕਈ ਹੋਰ ਕਿਸਾਨ ਨੇਤਾ ਸ਼ਾਮਲ ਰਹੇ। ਇਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਵੀ ਸ਼ਾਮਲ ਰਹੇ। ਗੁਰੂਘਰ ਆਏ ਸਾਰੇ ਕਿਸਾਨ ਨੇਤਾਵਾਂ ਨੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਗੁਰੂਘਰ ਵਿੱਚ ਜਿੱਤ ਤੋਂ ਬਾਅਦ ਸੁਰੱਖਿਅਤ ਵਾਪਸੀ ਦੀ ਅਰਦਾਸ ਕੀਤੀ। ਕਿਸਾਨ ਨੇਤਾਵਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 

ਦੱਸ ਦਈਏ ਕਿ ਕਿਸਾਨ 11 ਦਸੰਬਰ ਭਾਵ ਕੱਲ ਨੂੰ ਇੱਥੋਂ ਘਰ ਵਾਪਸੀ ਕਰਨਗੇ ਅਤੇ ਕਿਸਾਨਾਂ ਨੇ ਸਿੰਘੂ ਅਤੇ ਟਿਕਰੀ ਬਾਰਡਰ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੰਘੂ ਬਾਰਡਰ ‘ਤੇ ਵੀ ਕਿਸਾਨਾਂ ਨੇ ਅਰਦਾਸ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ। 

 

ਟਿਕੈਤ ਬੋਲੇ- ਆਮ ਲੋਕਾਂ ਦੇ ਸਹਿਯੋਗ ਨਾਲ ਮਿਲੀ ਜਿੱਤ
ਗੁਰੁਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਗੁਰੂਘਰ ਵਿੱਚ ਜਿੱਤ ਤੋਂ ਬਾਅਦ ਸ਼ੁਕਰਾਨਾ ਅਦਾ ਕਰਨ ਆਏ ਸਨ। ਗੁਰੂਘਰ ਵਲੋਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਭੋਜਨ ਤੋਂ ਲੈ ਕੇ, ਦਵਾਈਆਂ ਤੱਕ ਕਈ ਤਰ੍ਹਾਂ ਦੀ ਮਦਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ। 

ਦਿੱਲੀ ਦੇ ਚਾਰਾਂ ਪਾਸੇ ਮੋਰਚੇ ਲੱਗੇ ਹੋਏ ਸਨ। ਇਨ੍ਹਾਂ ਵਿੱਚ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ। ਸਬਜੀ ਤੋਂ ਲੈ ਕੇ ਦੁੱਧ ਲੱਸੀ ਤੱਕ ਲੰਗਰਾਂ ਵਿੱਚ ਪਹੁੰਚਾਇਆ। ਡਾਕਟਰਾਂ ਨੇ ਸੰਘਰਸ਼ ਦੌਰਾਨ ਬਹੁਤ ਚੰਗੀ ਭੂਮਿਕਾ ਨਿਭਾਈ। ਸਫਾਈ ਸੇਵਕਾਂ ਨੇ ਮੁਫਤ ਸਫਾਈ ਵਿਵਸਥਾ ਦਾ ਪ੍ਰਬੰਧ ਸੰਭਾਲ ਕੇ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੇਕਰ ਕਿਸਾਨਾਂ ਨੂੰ ਜਿੱਤ ਮਿਲੀ ਹੈ ਤਾਂ ਉਹ ਆਮ ਲੋਕਾਂ ਦੀ ਬਦੌਲਤ ਉਨ੍ਹਾਂ ਦੇ ਸਹਿਯੋਗ ਨਾਲ ਹੀ ਮਿਲੀ ਹੈ।