Punjab News

ਕਿਸਾਨ ਅੰਦੋਲਨ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਤ ਬਿਆਨ

ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਸਾਨ ਅੰਦੋਲਨ ’ਤੇ ਵਿਵਾਦਤ ਬਿਆਨ ਦਿੱਤਾ ਹੈ। ਗਰੇਵਾਲ ਦਾ ਆਖਣਾ ਹੈ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਝੂਠੇ ਕਿਸਾਨਾਂ ਨੇ ਅਸਲ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਹ ਕਿਸਾਨਾਂ ਦੇ ਨਾਂ ’ਤੇ ਕਾਲਾ ਧੱਬਾ ਹਨ ਅਤੇ ਜਿਸ ਤਰ੍ਹਾਂ ਪੰਜਾਬ ਪੁਲਸ ਵਲੋਂ ਅੱਤਵਾਦ ਦਾ ਇਲਾਜ ਹੋਇਆ ਸੀ, ਇਹ ਵੀ ਉਸੇ ਤਰ੍ਹਾਂ ਦਾ ਇਲਾਜ ਚਾਹੁੰਦੇ ਹਨ, ਜੋ ਕਿ ਸਿਰਫ ਪੰਜਾਬ ਪੁਲਸ ਹੀ ਕਰ ਸਕਦੀ ਹੈ। ਇਕ ਵੈੱਬ ਪੋਰਟਲ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਗੁੰਡੇ ਵੜ ਚੁੱਕੇ ਹਨ ਅਤੇ ਪੰਜਾਬ ਪੁਲਸ ਨੂੰ ਅੱਤਵਾਦ ਦੇ ਇਲਾਜ ਵਾਂਗ ਇਨ੍ਹਾਂ ਦਾ ਇਲਾਜ ਕਰਨਾ ਚਾਹੀਦਾ ਹੈ।

ਇਸ ਦੌਰਾਨ ਜਦੋਂ ਗਰੇਵਾਲ ਕੋਲੋਂ ਕਿਸਾਨਾਂ ਵਲੋਂ ਉੁਨ੍ਹਾਂ ਦੀ ਝੋਨੇ ਦੀ ਫ਼ਸਲ ਵਾਹੇ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਕਦੇ ਅਜਿਹਾ ਨਹੀਂ ਕਰ ਸਕਦੇ, ਇਸ ਕਾਰਵਾਈ ਨੂੰ ਗੁੰਡਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ।

ਕਿਸਾਨਾਂ ਨੇ ਵਾਹਿਆ ਸੀ ਗਰੇਵਾਲ ਦਾ ਝੋਨਾ
ਦੱਸਣਯੋਗ ਹੈ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਜੱਦੀ ਪਿੰਡ ਧਨੌਲਾ ਹੈ, ਜਿੱਥੇ ਉਸ ਦੀ ਜੱਦੀ ਜ਼ਮੀਨ ਹੈ। ਬਰਨਾਲਾ ਦੇ ਕਸਬਾ ਧਨੌਲਾ ਸਥਾਨਕ ਬਰਨਾਲਾ ਸੰਗਰੂਰ ਰੋਡ ’ਤੇ ਡੇਢ ਏਕੜ ਜ਼ਮੀਨ ਕਿਸੇ ਪਿੰਡ ਦੇ ਵਿਅਕਤੀ ਤੋਂ ਠੇਕੇ ਤੇ ਲੈ ਕੇ ਉਸ ’ਚ ਝੋਨਾ ਲਾਇਆ ਜਾ ਰਿਹਾ ਸੀ ਪਰ ਬਰਨਾਲਾ ਵਿਖੇ ਰੇਲਵੇ ਸਟੇਸ਼ਨ ’ਤੇ ਇਕੱਤੀ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿਚ ਮੌਜੂਦ ਕਿਸਾਨਾਂ ਵੱਲੋਂ ਡੇਢ ਏਕੜ ਵਿਚ ਲਾਏ ਗਏ ਝੋਨੇ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਮਸਲੇ ’ਤੇ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਹਰਜੀਤ ਗਰੇਵਾਲ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨ ਰਿਹਾ ਜਿਸ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿਚ ਰੋਸ ਹੈ।