India News

ਕੀ UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣੇਗਾ ਪੂਰਵਾਂਚਲ ਸੂਬਾ?

 ਕੇਂਦਰੀ ਮੰਤਰੀ ਮੰਡਲ ‘ਚ ਵਿਸਥਾਰ ਅਤੇ ਫੇਰਬਦਲ ਦੀਆਂ ਅਟਕਲਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਵਿਚਾਰ-ਵਟਾਂਦਰਾ ਕੀਤਾ। ਸਾਲ 2019 ‘ਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਮੋਦੀ ਨੇ ਆਪਣੇ ਮੰਤਰੀ ਮੰਡਲ ‘ਚ ਕੋਈ ਵਿਸਥਾਰ ਨਹੀਂ ਕੀਤਾ ਹੈ। ਉੱਤਰ ਪ੍ਰਦੇਸ਼ ‘ਚ ਮੰਤਰੀ ਮੰਡਲ ਵਿਸਥਾਰ ਅਤੇ ਫੇਰਬਦਲ ਦੀਆਂ ਅਟਕਲਾਂ ਹਨ। ਇਨ੍ਹਾਂ ਖ਼ਬਰਾਂ ਦਰਮਿਆਨ ਇਕ ਨਵੀਂ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਉੱਤਰ ਪ੍ਰਦੇਸ਼ ਨੂੰ 2 ਤੋਂ 3 ਹਿੱਸਿਆਂ ‘ਚ ਵੰਡਣ ਅਤੇ ਪੂਰਵਾਂਚਲ ਨੂੰ ਵੱਖਰਾ ਸੂਬਾ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਆਓ ਜਾਣਦੇ ਹਾਂ ਇਸ ਖ਼ਬਰ ਦੀ ਅਸਲੀ ਸੱਚਾਈ।

 

ਹੁਣ ਜੋ ਗੱਲਾਂ ਮੀਡੀਆ ‘ਚ ਚੱਲ ਰਹੀ ਹੈ ਉਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਤਿੰਨ ਸੂਬਿਆਂ ‘ਚ ਵੰਡੇਗਾ। ਇਕ ਹੋਵੇਗਾ ਉੱਤਰ ਪ੍ਰਦੇਸ਼ ਜਿਸ ਦੀ ਰਾਜਧਾਨੀ ਲਖਨਊ ਹੋਵੇਗੀ। ਇਸ ‘ਚ 20 ਜ਼ਿਲ੍ਹੇ ਹੋਣਗੇ। ਉੱਤਰ ਪ੍ਰਦੇਸ਼ ਦੀ ਵੰਡ ਤੋਂ ਬਾਅਦ ਦੂਜਾ ਸੂਬਾ ਬਣੇਗਾ ਬੁੰਦੇਲਖੰਡ, ਜਿਸ ਦੀ ਰਾਜਧਾਨੀ ਪ੍ਰਯਾਗਰਾਜ ਹੋਵੇਗੀ। ਇਸ ‘ਚ 17 ਜ਼ਿਲ੍ਹੇ ਸ਼ਾਮਲ ਹੋਣਗੇ, ਤੀਜਾ ਸੂਬਾ ਹੋਵੇਗਾ ਪੂਰਵਾਂਚ, ਜਿਸ ‘ਚ 23 ਜ਼ਿਲ੍ਹੇ ਹੋਣਗੇ ਅਤੇ ਇਸ ਦੀ ਰਾਜਧਾਨੀ ਹੋਵੇਗੀ ਗੋਰਖਪੁਰ। ਵਾਇਰਲ ਨਿਊਜ਼ ‘ਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੰਡ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਨਾਲ ਚਰਚਾ ਹੋਈ ਹੈ, ਇਸ ਦੇ ਨਾਲ ਹੀ ਵਾਇਰਲ ਨਿਊਜ਼ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੂਰਵਾਂਚਲ ਇਕ ਵੱਖਰਾ ਸੂਬਾ ਬਣ ਗਿਆ ਤਾਂ ਯੋਗੀ ਦਾ ਗੜ੍ਹ ਗੋਰਖਪੁਰ ਇਕ ਵੱਖਰੇ ਸੂਬੇ ‘ਚ ਆ ਜਾਵੇਗਾ। ਉੱਥੇ ਹੀ ਜਦੋਂ ਵਾਇਰਲ ਹੋ ਰਹੀ ਇਸ ਖ਼ਬਰ ਬਾਰੇ ਪੀ.ਆਈ.ਬੀ. ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਹੈ ਕਿ ਇਹ ਖ਼ਬਰ ਫੇਕ ਹੈ, ਜਿਸ ਤੋਂ ਬਾਅਦ ਪੀ.ਆਈ.ਬੀ. ਵਲੋਂ ਟਵੀਟ ਕਰ ਕੇ ਕਿਹਾ ਗਿਆ ਕਿ ਇਹ ਖ਼ਬਰ ਫਰਜ਼ੀ ਹੈ। ਕੇਂਦਰ ਸਰਕਾਰ, ਉੱਤਰ ਪ੍ਰਦੇਸ਼ ਦੇ ਵੱਖਰੇ ਹਿੱਸੇ ਕਰਨ ਨਾਲ ਸੰਬੰਧਤ ਕੋਈ ਵਿਚਾਰ ਨਹੀਂ ਕਰ ਰਹੀ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਖ਼ਬਰਾਂ ‘ਤੇ ਭਰੋਸਾ ਨਾ ਕਰੋ।