India News

ਕੇਪਟਨ ਦੀ ਅਕਾਲੀ ਦਲ ਨੂੰ ਚੁਣੌਤੀ, ਗੱਠਜੋੜ ਤੋੜ ਸਿੱਧ ਕਰਨ CAA ਦੀ ਖਿਲਾਫਤ

 ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਮੁੱਦੇ ‘ਤੇ ਭਾਜਪਾ ਨਾਲ ਮੱਤਭੇਦਾਂ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਬਾਰੇ ਕੀਤੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀਆਂ ਨੂੰ ਇਸ ਗੈਰ-ਸੰਵਿਧਾਨਕ ਕਾਨੂੰਨ ਦੇ ਸਬੰਧ ਵਿੱਚ ਆਪਣੀ ਸੁਹਿਰਦਾ ਸਿੱਧ ਕਰਨ ਲਈ ਕੇਂਦਰ ਨਾਲ ਗੱਠਜੋੜ ਤੋੜਨ ਦੀ ਚੁਣੌਤੀ ਦਿੱਤੀ ਹੈ ਕਿਉਂਕਿ ਦੋਵਾਂ ਸੰਸਦੀ ਸਦਨਾਂ ਵਿੱਚ ਇਸ ਬਿੱਲ ਨੂੰ ਪਾਸ ਮੌਕੇ ਅਕਾਲੀ ਵੀ ਸਮਰਥਨ ਧਿਰ ਨਾਲ ਖੜ੍ਹੇ ਸਨ।

ਮੁੱਖ ਮੰਤਰੀ ਨੇ ਕਿਹਾ,”ਤੁਸੀਂ ਸਿੱਧਾ ਤੇ ਸਪੱਸ਼ਟ ਫੈਸਲਾ ਕਿਉਂ ਨਹੀਂ ਲੈਂਦੇ ਅਤੇ ਲੋਕਾਂ ਨੂੰ ਇਹ ਕਿਉਂ ਹੀਂ ਦੱਸਦੇ ਕਿ ਤੁਸੀਂ ਫੁੱਟਪਾਊ ਅਤੇ ਮਾਰੂ ਕਾਨੂੰਨ ਸੀ.ਏ.ਏ. ਖਿਲਾਫ਼ ਸੱਚਮੁੱਚ ਖੜ੍ਹੇ ਹੋ।” ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਅਕਾਲੀ ਮੰਤਰੀਆਂ ਨੂੰ ਵਿਵਾਦਤ ਕਾਨੂੰਨ ‘ਤੇ ਲਏ ਸਟੈਂਡ ਦੇ ਹੱਕ ਵਿੱਚ ਨਿੱਤਰਨ ਲਈ ਤੁਰੰਤ ਅਸਤੀਫਾ ਦੇਣ ਵਾਸਤੇ ਆਖਿਆ ਕਿਉਂ ਜੋ ਇਸ ਕਾਨੂੰਨ ਖਿਲਾਫ ਸਮਾਜ ਦੇ ਸਮੂਹ ਵਰਗਾਂ ਵਿੱਚ ਕੌਮੀ ਪੱਧਰ ‘ਤੇ ਰੋਸ ਪਾਇਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੁੱਛਿਆ, ”ਜੇਕਰ ਤਹਾਨੂੰ ਸੀ.ਏ.ਏ. ਮੁਸਲਿਮ ਵਿਰੋਧੀ ਲੱਗਦਾ ਸੀ ਤਾਂ ਫਿਰ ਤੁਸੀਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਇਸ ਕਾਨੂੰਨ ਦੇ ਹੱਕ ਵਿੱਚ ਮੇਜ਼ ਕਿਉਂ ਥਪਥਪਾਇਆ?” ਉਨ੍ਹਾਂ ਕਿਹਾ ਕਿ ਸੰਸਦ ਵਿੱਚ ਅਕਾਲੀਆਂ ਵੱਲੋਂ ਇਸ ਕਾਨੂੰਨ ਦੀ ਖੁੱਲ੍ਹ ਕੇ ਕੀਤੀ ਹਮਾਇਤ ਰਿਕਾਰਡ ਦਾ ਹਿੱਸਾ ਹੈ।