World

ਕੈਨੇਡਾ ‘ਚ ਅੰਮ੍ਰਿਤਧਾਰੀ ਬਜ਼ੁਰਗ ‘ਤੇ ਹਮਲਾ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ 2 ਅਣਪਛਾਤੇ ਵਿਅਕਤੀਆਂ ਨੇ ਬੀਤੇ ਦਿਨੀਂ ਇਕ ਅੰਮ੍ਰਿਤਧਾਰੀ ਬਜ਼ੁਰਗ ‘ਤੇ ਹਮਲਾ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਬਜ਼ੁਰਗ ਦੀ ਪਛਾਣ ਚਰਨਜੀਤ ਸਿੰਘ ਵਜੋਂ ਕੀਤੀ ਗਈ ਹੈ, ਜੋ ਸ਼ੁੱਕਰਵਾਰ ਨੂੰ ਤੜਕਸਾਰ ਮਾਟਿਨਡੇਲ ਬੁੱਲੇਵਾਰਡ ਵਲੋਂ ਪੈਦਲ ਹੀ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਜਾ ਰਹੇ ਸਨ। ਇਸ ਦੌਰਾਨ 2 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਪਿੱਠ ‘ਤੇ ਵਾਰ ਕਰ ਦਿੱਤਾ। ਬਾਅਦ ‘ਚ ਜਦ ਪੁਲਸ ਇਸ ਸਥਾਨ ‘ਤੇ ਪੁੱਜੀ ਤਦ ਤਕ ਇਹ ਹਮਲਾਵਰ ਇੱਥੋਂ ਦੌੜ ਚੁੱਕੇ ਸਨ। ਬਜ਼ੁਰਗ ਸਿੱਖ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।ਇਸ ਤੋਂ ਇਲਾਵਾ ਇੱਥੇ ਇਕ ਹੋਰ ਘਟਨਾ ਵਾਪਰੀ। ਇਸੇ ਹੀ ਸਥਾਨ ‘ਤੇ ਕੁੱਝ ਬਦਮਾਸ਼ਾਂ ਨੇ ਇਕ ਔਰਤ ਦਾ ਪਰਸ ਖੋਹ ਲਿਆ। ਪੁਲਸ ਦਾ ਕਹਿਣਾ ਹੈ ਕਿ ਉਸ ਸੜਕ ‘ਤੇ ਬਣੇ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਉਹ ਜਾਂਚ-ਪੜਤਾਲ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦੇਖਣ ‘ਚ ਲੱਗਦਾ ਹੈ ਕਿ ਦੋਵੇਂ ਘਟਨਾਵਾਂ ਦੇ ਦੋਸ਼ੀ ਇਕੋ ਹਨ ਪਰ ਉਹ ਪੂਰੀ ਜਾਂਚ ਮਗਰੋਂ ਹੀ ਇਸ ਦੀ ਰਿਪੋਰਟ ਪੇਸ਼ ਕਰਨਗੇ। ਪੁਲਸ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਵਾਪਰਦਿਆਂ ਕਿਸੇ ਨਾ ਕਿਸੇ ਨੇ ਜ਼ਰੂਰ ਦੇਖਿਆ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਦੱਸੇ।