World

ਕੈਨੇਡਾ ‘ਚ ਜੰਗਲੀ ਅੱਗ ਦਾ ਕਹਿਰ ਜਾਰੀ, ਆਸਟ੍ਰੇਲੀਆ ਦੇ ਦੋ ਰਾਜਾਂ ਤੋਂ ਜਾਣਗੇ ਫਾਇਰਫਾਈਟਰਜ਼

ਸਿਡਨੀ: ਆਸਟ੍ਰੇਲੀਆ ਦੇ ਦੋ ਰਾਜ ਬ੍ਰਿਟਿਸ਼ ਕੋਲੰਬੀਆ ਵਿਚ ਵਿਨਾਸ਼ਕਾਰੀ ਜੰਗਲੀ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਦਰਜਨਾਂ ਫਾਇਰਫਾਈਟਰਜ਼ ਅਤੇ ਐਮਰਜੈਂਸੀ ਸੇਵਾਵਾਂ ਦੇ ਵਲੰਟੀਅਰ ਕੈਨੇਡਾ ਭੇਜਣਗੇ।ਪੁਲਸ ਅਤੇ ਐਮਰਜੈਂਸੀ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਚੋਂ 38 ਅੱਗ ਬੁਝਾਊ ਯੋਧਿਆਂ ਨੂੰ ਇੱਕ ਦਸਤੇ ਦੇ ਰੂਪ ਵਿਚ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਚ ਲੱਗੀ ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ ਅੱਜ ਹੀ ਸਿਡਨੀ ਤੋਂ ਰਵਾਨਾ ਕੀਤਾ ਜਾ ਰਿਹਾ ਹੈ। ਇਸ ਦਸਤੇ ਵਿਚ ਪੱਛਮੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਕੁੱਲ 55 ਅੱਗੇ ਬੁਝਾਊ ਯੋਧੇ ਸ਼ਾਮਿਲ ਹੋਣਗੇ ਜਿਨ੍ਹਾਂ ਵਿਚ 22 ਅੱਗ ਬੁਝਾਊ ਮਾਹਰ (ਨਿਊ ਸਾਊਥ ਵੇਲਜ਼ ਰੂਰਲ ਸੇਵਾਵਾਂ), 10 ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਤੋਂ ਅਤੇ 3 ਮੈਂਬਰ ਨਿਊ ਸਾਊਥ ਵੇਲਜ਼ ਦੇ ਐਮਰਜੈਂਸੀ ਸੇਵਾਵਾਂ ਵਿਚੋਂ ਹਨ।

ਜ਼ਿਕਰਯੋਗ ਹੈ ਕਿ ਇਸ ਵਾਰੀ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲੀ ਅੱਗ ਨੇ ਕਹਿਰ ਢਾਹਿਆ ਹੋਇਆ ਹੈ ਅਤੇ ਇਸ ਸਮੇਂ ਵੀ 300 ਤੋਂ ਵੀ ਵੱਧ ਥਾਂਵਾਂ ‘ਤੇ ਇਹ ਕਹਿਰ ਜਾਰੀ ਹੈ।ਗੌਰਤਲਬ ਇਹ ਵੀ ਹੈ ਕਿ ਬੀਤੇ ਹਫ਼ਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣਾ ‘ਮੈਰੀ ਬਸ਼ੀਰ’ (ਆਰ.ਐਫ.ਐਸ ਦਾ 737) ਨਾਮ ਦਾ ਏਅਰ ਟੈਂਕਰ ਵੀ ਕੈਨੇਡਾ ਵਿਚ 45 ਦਿਨਾਂ ਦੀਆਂ ਸੇਵਾਵਾਂ ਲਈ ਭੇਜਿਆ ਹੋਇਆ ਹੈ ਜੋ ਕਿ ਹਵਾ ਵਿਚੋਂ ਪਾਣੀ ਸੁੱਟ ਕੇ ਜੰਗਲੀ ਅੱਗ ਨੂੰ ਬੁਝਾਉਣ ਦੀ ਪ੍ਰਕਿਰਿਆ ਵਿਚ ਸਹਿਯੋਗੀ ਹੁੰਦਾ ਹੈ।

 

ਉਪਰੋਕਤ ਕੈਨੇਡਾ ਜਾ ਰਿਹਾ ਦਸਤਾ ਅਗਲੇ 5 ਹਫ਼ਤਿਆਂ ਤੱਕ ਕੈਨੇਡਾ ਦੇ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਖੇਤਰਾਂ ਵਿਚ ਆਪਣੀਆਂ ਸੇਵਾਵਾਂ ਨਿਭਾਏਗਾ ਅਤੇ ਉਥੇ ਪਹਿਲਾਂ ਤੋਂ ਕੰਮ ਕਰ ਰਹੇ ਹੋਰਨਾਂ ਯੋਧਿਆਂ ਨਾਲ ਮਿਲ ਕੇ ਅੱਗ ਬੁਝਾਉਣ ਵਿਚ ਮਦਦ ਕਰੇਗਾ।ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਹੈ। ਹਜ਼ਾਰਾਂ ਲੋਕਾਂ ਨੂੰ ਇਸ ਖੇਤਰ ਵਿਚ ਫੈਲੀ ਲੱਗਭਗ 300 ਜੰਗਲੀ ਅੱਗ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।