World

ਕੈਨੇਡਾ ਤੇ ਬਰਤਾਨੀਆ ਤੋਂ ਪਾਕਿਸਤਾਨ ਗਏ 73 ਸਿੱਖ ਯਾਤਰੀ ਸੜਕ ਜਾਮ ‘ਚ ਫਸੇ

ਇਸਲਾਮਾਬਾਦ/ਓਟਾਵਾ — ਬਰਤਾਨੀਆ ਤੇ ਕੈਨੇਡਾ ਦੇ 73 ਸਿੱਖ ਯਾਤਰੀ ਪਾਕਿਸਤਾਨ ਵਿਚ ਸਥਿਤ ਵੱਖ-ਵੱਖ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਜਦੋਂ ਉਹ ਹਸਨ ਅਬਦਾਲ ਵਿਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਮੱਥਾ ਟੇਕਣ ਦੇ ਬਾਅਦ ਮੋਟਰ ਗੱਡੀ ਜ਼ਰੀਏ ਲਾਹੌਰ ਵਿਚ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਪੈਂਦੇ ਪਿੰਡ ਸ਼ੁਖੇਕੇ ਦੇ ਨੇੜੇ ਲੱਗੇ ਸੜਕ ਜਾਮ ਵਿਚ ਫੱਸ ਗਏ। ਉਨ੍ਹਾਂ ਨੂੰ ਲੱਗਭਗ 16 ਘੰਟੇ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਉਪਰੰਤ ਫੌਜ ਦੇ ਜਵਾਨਾਂ ਵੱਲੋਂ ਹਵਾਈ ਜਹਾਜ਼ ਜ਼ਰੀਏ ਇਨ੍ਹਾਂ ਸਿੱਖ ਯਾਤਰੀਆਂ ਨੂੰ ਲਾਹੌਰ ਲਿਜਾਇਆ ਗਿਆ।

ਪਾਕਿਸਤਾਨੀ ਫੌਜ ਵੱਲੋਂ ਨਿਭਾਈ ਗਈ ਇਸ ਜ਼ਿੰਮੇਵਾਰੀ ਦੀ ਸਿੱਖ ਯਾਤਰੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਗੌਰਤਲਬ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋ ਇਕ ਕੇਸ ਵਿਚ ਈਸਾਈ ਮਹਿਲਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਗਰੋਂ ਉੱਥੇ ਹਾਲਾਤ ਕਾਫੀ ਖਰਾਬ ਹਨ। ਪ੍ਰਦਰਸ਼ਨਕਾਰੀ ਅਦਾਲਤ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ‘ਤੇ ਵੀ ਜਾਮ ਲਗਾਏ ਜਾ ਰਹੇ ਹਨ।