World

ਕੈਨੇਡਾ : 50 ਸਾਲਾ ਔਰਤ ਕੋਲੋਂ ਮਿਲੇ 25 ਗੈਰ-ਕਾਨੂੰਨੀ ਹਥਿਆਰ

ਟੋਰਾਂਟੋ— ਕੈਨੇਡਾ-ਅਮਰੀਕਾ ਦੀ ਸਰਹੱਦ ‘ਤੇ ਪੁਲਸ ਨੇ 50 ਸਾਲਾ ਔਰਤ ਨੂੰ 25 ਗੈਰ-ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਟੋਰਾਂਟੋ ਪੁਲਸ ਨੇ ਦੱਸਿਆ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਇਨ੍ਹਾਂ ਹੈਂਡਗਨਜ਼ ਨੂੰ ਗੈਸ ਟੈਂਕ ‘ਚ ਲੁਕੋ ਕੇ ਲੈ ਜਾ ਰਹੀ ਸੀ। ਉਹ ਐੱਸ. ਯੂ. ਵੀ. ਗੱਡੀ ‘ਚ ਸਵਾਰ ਸੀ ਅਤੇ ਬੁੱਧਵਾਰ ਰਾਤ ਨੂੰ ਓਂਟਾਰੀਓ ਦੀ ਸਰਹੱਦ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ। ਜਦ ਪੁਲਸ ਨੇ ਉਸ ਦੇ ਵਾਹਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਗੈਸ ਟੈਂਕ ‘ਚੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਪ੍ਰਾਪਤ ਹੋਇਆ। ਸ਼ੁਰੂਆਤੀ ਜਾਂਚ ‘ਚ ਕਿਹਾ ਗਿਆ ਕਿ ਔਰਤ ਟੋਰਾਂਟੋ ਦੀ ਰਹਿਣ ਵਾਲੀ ਹੈ, ਹਾਲਾਂਕਿ ਉਸ ਦੀ ਪਛਾਣ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ।