Punjab News

ਕੈਪਟਨ, ਕੇਜਰੀਵਾਲ, ਭਗਵੰਤ ਮਾਨ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ : ਸੁਖਬੀਰ ਬਾਦਲ

ਜ਼ੀਰਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜ਼ੀਰਾ ਸਥਿਤ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਚ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ੀਰਾ ਤੋਂ ਐਲਾਨੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦੇ ਹੱਕ ਵਿਚ ਵਰਕਰਾਂ ਨੂੰ ਸੰਬੋਧਨ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦੀ ਸਰਕਾਰ ਸੱਤਾ ਵਿਚ ਆਉਣ ’ਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੋ ਕਾਲੇ ਕਾਨੂੰਨਾਂ ਨੂੰ ਪਹਿਲ ਦੇ ਆਧਾਰ ’ਤੇ ਰੱਦ ਕੀਤਾ ਜਾਵੇਗਾ ਤੇ ਇਹ ਕਾਨੂੰਨ ਪੰਜਾਬ ਵਿਚ ਲਾਗੂ ਨਹੀ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਪੱਖੀ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਦੇ ਲੋਕਾਂ ਨੂੰ 400 ਬਿਜਲੀ ਯੂਨਿਟਾਂ ਦੀ ਮੁਆਫੀ, ਹਰ ਮਹੀਨੇ ਨੀਲਾ ਕਾਰਡ ਪ੍ਰਾਪਤ ਮੁਖੀ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਕਿਸਾਨਾਂ ਲਈ ਡੀਜ਼ਲ ਵਿਚ 10 ਰੁਪਏ ਵਿਸ਼ੇਸ਼ ਛੋਟ, ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਵਰਦਿਆਂ ਕਿਹਾ ਕਿ ਇਹ ਘਪਲੇਬਾਜਾਂ ਦੀ ਸਰਕਾਰ ਹੈ ਤੇ ਝੂਠ ਦੇ ਸਹਾਰੇ ਇਹ ਸਰਕਾਰ ਸੱਤਾ ਵਿਚ ਆਈ ਹੈ ਤੇ ਇਸ ਸਰਕਾਰ ਨੇ ਪਿਛਲੇ ਸਾਢੇ  4 ਸਾਲਾਂ ਵਿਚ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਹੁਣ ਪੰਜਾਬ ਵਿਚ ਗੁੰਡਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਖਾਧੀ ਸੀ, ਫ਼ਿਰ ਵੀ ਉਹ ਹਰ ਰੋਜ ਸ਼ਰਾਬ ਪੀਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਉਸੇ ਤਰ੍ਹਾਂ ਕੇਜਰੀਵਲ ਆਪਣੇ ਪੁੱਤ ਦੀ ਸਹੁੰ ਖਾ ਕੇ ਝੂਠ ਬੋਲਦੇ ਹਨ। ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕਾਂਗਰਸੀਆਂ ’ਤੇ ਵਿਸ਼ਵਾਸ਼ ਨਹੀ ਰਿਹਾ, ਉਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ’ਤੇ ਵੀ ਵਿਸ਼ਵਾਸ਼ ਨਹੀ ਹੈ ਤੇ 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਤ ਨਾਲ ਸੱਤਾ ਵਿਚ ਆਵੇਗੀ।ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਗੁਰਨਾਮ ਸਿੰਘ, ਸਤੀਸ਼ ਕੁਮਾਰ, ਕੁਲਦੀਪ ਸਿੰਘ ਵਿਰਕ, ਸੁਖਦੇਵ ਸਿੰਘ, ਦਰਸ਼ਨ ਸਿੰਘ ਢਿੱਲੋਂ, ਪਿਆਰਾ ਸਿੰਘ ਢਿੱਲੋਂ, ਸਾਬਕਾ ਪ੍ਰਧਾਨ, ਡਾਕਟਰ ਨਿਰਵੈਰ ਸਿੰਘ, ਜੰਗੀਰ ਸਿੰਘ ਬੰਮਰਾਹ, ਗੋਪੀ ਕਮਾਲਗੜ੍ਹ, ਬਲਕਾਰ ਸਿੰਘ, ਹਰਭਜਨ ਸਿੰਘ ਜੀਰਾ, ਹਲਕੇ ਤੋਂ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਤੇ ਆਹੁਦੇਦਾਰ ਹਾਜ਼ਰ ਸਨ।

 

ਪੰਜਾਬ ਸਰਕਾਰ ਸਰਕਟ ਹਾਊਸ ਵੇਚਣ ਲੱਗੀ ਹੈ, ਸਾਡੀ ਸਰਕਾਰ ਆਉਣ ’ਤੇ ਖਰੀਦਦਾਰਾਂ ਖਿਲਾਫ ਕਰਾਂਗੇ ਕਾਰਵਾਈ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਰਕਾਰੀ ਪ੍ਰਾਪਰਟੀਆਂ ਵੇਚਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਸਰਕਾਰੀ ਹਾਊਸ ਵੇਚ ਦਿੱਤਾ ਹੈ, ਜਿਸ ਵਿਚ ਇਕ ਮੰਤਰੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਸਰਕਾਰੀ ਪ੍ਰਾਪਰਟੀਆਂ ਖਰੀਦਣ ਤੇ ਵੇਚਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।