UK News

ਕੋਰੋਨਾ ਵੈਕਸੀਨ ਨੇ ਡੈਲਟਾ ਵੇਰੀਐਂਟ ਸਮੇਤ ਹੋਰ ਕੇਸਾਂ ਨੂੰ ਰੋਕਿਆ : ਆਕਸਫੋਰਡ ਯੂਨੀਵਰਸਿਟੀ

ਗਲਾਸਗੋ/ਲੰਡਨ-ਯੂ. ਕੇ. ’ਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ ਅਤੇ ਸਿਹਤ ਮਾਹਿਰਾਂ ਅਨੁਸਾਰ ਕੋਰੋਨਾ ਟੀਕਿਆਂ ਨੇ ਵਾਇਰਸ ਦੀ ਲਾਗ ਦੇ ਜ਼ਿਆਦਾਤਰ ਮਾਮਲਿਆਂ ਨੂੰ ਰੋਕਿਆ ਹੈ। ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦੇ ਅਧਿਐਨ ’ਚ ਪਾਇਆ ਗਿਆ ਹੈ ਕਿ ਕੋਵਿਡ ਟੀਕੇ ਵਾਇਰਸ ਦੇ ਡੈਲਟਾ ਰੂਪ ਸਮੇਤ ਤਿੰਨ-ਚੌਥਾਈ ਕੇਸਾਂ ਪ੍ਰਤੀ ਫਾਇਦੇਮੰਦ ਹਨ। ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਡੈਲਟਾ ਵੇਰੀਐਂਟ ਦੇ ਬਾਵਜੂਦ ਫਾਈਜ਼ਰ ਜਾਂ ਐਸਟ੍ਰਾਜ਼ੇਨੇਕਾ ਵੈਕਸੀਨ ਦੀਆਂ ਦੋ ਖੁਰਾਕਾਂ ਅਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ, ਜਦਕਿ ਪਹਿਲਾਂ ਸਿਹਤ ਮਾਹਿਰਾਂ ਨੂੰ ਡਰ ਸੀ ਕਿ ਕੋਰੋਨਾ ਟੀਕੇ ਡੈਲਟਾ ਵੇਰੀਐਂਟ ਦੇ ਵਿਰੁੱਧ ਕੰਮ ਨਹੀਂ ਕਰਨਗੇ।

 

ਹਾਲਾਂਕਿ ਮਾਹਿਰਾਂ ਅਨੁਸਾਰ ਡੈਲਟਾ ਖਿਲਾਫ ਟੀਕਿਆਂ ਦੀ ਸੁਰੱਖਿਆ ਵਾਇਰਸ ਦੇ ਅਲਫਾ ਵੇਰੀਐਂਟ ਦੇ ਮੁਕਾਬਲੇ ਘੱਟ ਹੈ, ਜਿਸ ਲਈ ਵੈਕਸੀਨ ਦੀ ਇੱਕ ਖੁਰਾਕ ਅਜੇ ਵੀ ਅੱਧੇ ਮਾਮਲਿਆਂ ਨੂੰ ਰੋਕਦੀ ਹੈ ਅਤੇ ਦੂਜੀ ਖੁਰਾਕ ਤੋਂ ਬਾਅਦ 70 ਤੋਂ 80 ਫੀਸਦੀ ਤੱਕ ਵਧ ਜਾਂਦੀ ਹੈ। ਆਕਸਫੋਰਡ ਦੀ ਪ੍ਰੋਫੈਸਰ ਸਾਰਾਹ ਵਾਕਰ ਅਨੁਸਾਰ ਦੋਵੇਂ ਟੀਕੇ ਅਜੇ ਵੀ ਡੈਲਟਾ ਵਿਰੁੱਧ ਬਹੁਤ ਵਧੀਆ ਰਿਜ਼ਲਟ ਦੇ ਰਹੇ ਹਨ।