India News

ਕੋਵਿਡ ਟੀਕਾਕਰਨ ਨੂੰ ਲੈ ਕੇ ਉਤਸ਼ਾਹ, ਇਕ ਦਿਨ ’ਚ ਇੰਨੇ ਲੱਖ ਬੱਚਿਆਂ ਨੇ ਲਈ ਪਹਿਲੀ ਖ਼ੁਰਾਕ

ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਸੋਮਵਾਰ ਨੂੰ 15 ਤੋਂ 18 ਸਾਲ ਉਮਰ ਵਰਗ ਵਿਚ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਰਾਤ 8 ਵਜੇ ਤੱਕ 40 ਲੱਖ ਤੋਂ ਵੱਧ ਬੱਚਿਆਂ ਨੇ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਲਈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ 146.61 ਕਰੋੜ ਤੋਂ ਵਧ ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸੋਮਵਾਰ ਨੂੰ ਰਾਤ ਸਵਾ 10 ਵਜੇ ਤੱਕ 98 ਲੱਖ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ। 

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟਵੀਟ ਕੀਤਾ ਸੀ ਕਿ ਬਹੁਤ ਵਧੀਆ ਯੁਵਾ ਭਾਰਤ। ਬੱਚਿਆਂ ਦੇ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ 15 ਤੋਂ 18 ਉਮਰ ਵਰਗ ਦੇ 40 ਲੱਖ ਤੋਂ ਵੱਧ ਬੱਚਿਆਂ ਨੂੰ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਮਿਲੀ। ਇਹ ਭਾਰਤ ਦੇ ਟੀਕਾਕਰਨ ਮੁਹਿੰਮ ’ਚ ਇਕ ਹੋਰ ਉਪਲੱਬਧੀ ਹੈ।

ਦੱਸ ਦੇਈਏ ਕਿ 1 ਜਨਵਰੀ 2022 ਨੂੰ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਰਾਤ ਸਵਾ 10 ਵਜੇ ਕੋਵਿਨ ਪੋਰਟਲ ’ਤੇ 53 ਲੱਖ ਤੋਂ ਵੱਧ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਸੋਮਵਾਰ ਦੁਪਹਿਰ ਨੂੰ ਆਰ. ਐੱਮ. ਐੱਲ. ਹਸਪਤਾਲ ਵਿਚ ਬੱਚਿਆਂ ਲਈ ਕੋਵਿਡ ਟੀਕਾਕਰਨ ਸਥਲ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਕੁਝ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਸੀ। 

ਓਧਰ ਕੋਵਿਨ ਮੁਖੀ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸੀ. ਈ. ਓ. ਡਾ. ਆਰ. ਐੱਸ. ਸ਼ਰਮਾ ਨੇ ਕਿਹਾ ਕਿ ਸਾਨੂੰ ਚੰਗੀ ਪ੍ਰਤੀਕਿਰਿਆ ਮਿਲੀ ਹੈ। ਬੱਚੇ ਟੀਕੇ ਦੀ ਖ਼ੁਰਾਕ ਲੈਣ ਲਈ ਅੱਗੇ ਆ ਰਹੇ ਹਨ ਅਤੇ ਅੱਜ ਆਈ ਗਿਣਤੀ ਜ਼ਿਕਰਯੋਗ ਹੈ। ਉਨ੍ਹਾਂ ਨੇ ਦੱਸਿਆ ਕਿ 15 ਤੋਂ 18 ਸਾਲ ਉਮਰ ਵਰਗ ਦੇ ਬੱਚੇ ਆਪਣਾ ਅਕਾਊਂਟ ਬਣਾ ਸਕਦੇ ਹਨ ਜਾਂ ਕੋਵਿਨ ’ਤੇ ਆਪਣੇ ਮਾਤਾ-ਪਿਤਾ ਦੇ ਅਕਾਊਂਟ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।