Punjab News

ਖ਼ਤਰਨਾਕ ਗੈਂਗਸਟਰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਵੱਡਾ ਖ਼ੁਲਾਸਾ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

ਚੰਡੀਗੜ੍ਹ/ਪਾਕਿਸਤਾਨ : ਪਾਕਿਸਤਾਨ ਵਿਚ ਆਈ. ਐੱਸ. ਆਈ. ਦੀ ਬੁੱਕਲ ਵਿਚ ਲੁੱਕ ਕੇ ਬੈਠੇ ਨਾਰਕੋ ਟੈਰਾਰਿਜ਼ਮ ਫੈਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ’ਤੇ ਸਸਪੈਂਸ ਬਣਾਇਆ ਹੋਇਆ ਹੈ। ਇਕ ਪਾਸੇ ਗੈਂਗਸਟਰ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਸੂਤਰ ਉਸ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਦੱਸ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਰਿੰਦਾ ਨੂੰ ਪਹਿਲਾਂ ਲਾਹੌਰ ਦੇ ਜਿੰਦਲ ਹਸਪਤਾਲ ਅਤੇ ਫਿਰ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ

ਦੂਜੇ ਪਾਸੇ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗੈਂਗ ਦੇ ਜਸਪ੍ਰੀਤ ਜੱਸੀ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ। ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਪਾਕਿਸਤਾਨ ਹਰਵਿੰਦਰ ਰਿੰਦਾ ਦਾ ਜੋ ਕਤਲ ਹੋਇਆ, ਇਹ ਕੰਮ ਅਸੀਂ ਕਰਵਾਇਆ ਹੈ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿਚ ਸੈੱਟ ਕੀਤਾ ਸੀ। ਫਿਰ ਇਹ ਸਾਡੇ ਵਿਰੋਧੀ ਗਰੁੱਪਾਂ ਨਾਲ ਮਿਲ ਕੇ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਰਿਹਾ ਸੀ। ਸਾਡੇ ਵੀਰ ਸਿੱਧੂ ਮੂਸੇਵਾਲਾ ਕਤਲ ਵਿਚ ਵੀ ਇਸ ਨੇ ਹੀ ਗੋਲਡੀ ਬਰਾੜ ਨੂੰ ਹਥਿਆਰ ਦਿੱਤੇ ਸਨ। ਇਸ ਦਾ ਖਮਿਆਜ਼ਾ ਇਸ ਨੂੰ ਭੁਗਤਣਾ ਪਿਆ। ਹੋਰ ਵੀ ਬਹੁਤ ਮਾੜੀਆਂ ਇਸ ਬੰਦ ਨੇ ਕੀਤੀਆਂ ਸੀ। ਬਾਕੀ ਹੋਰ ਜਿਹੜੇ ਵਿਦੇਸ਼ਾਂ ਵਿਚ ਹਨ ਉਹ ਵੀ ਲੁੱਕ ਜਾਣ। 

ਕਿੱਥੋਂ ਦਾ ਰਹਿਣ ਵਾਲਾ ਸੀ ਰਿੰਦਾ

ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਉਸ ਨੂੰ ਸਤੰਬਰ 2011 ਵਿਚ ਇਕ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ ’ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ ਸੀ। ਹਰਵਿੰਦਰ ਸਿੰਘ ਰਿੰਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਨਾਲ ਜੁੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਭਾਰਤ ਵਿਚ ਬੀ. ਕੇ. ਆਈ. ਦਾ ਹੈਂਡਲਰ ਸਿਰਫ ਰਿੰਦਾ ਹੀ ਸੀ। ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਦਹਿਸ਼ਤ ਫੈਲਾਉਣ ਪਿੱਛੇ ਰਿੰਦਾ ਦਾ ਹੀ ਹੱਥ ਸੀ।