Punjab News

ਖਾਲਿਸਤਾਨ ਜ਼ਿੰਦਾਬਾਦ ਬਨਾਮ ਖਾਲਿਸਤਾਨ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ‘ਤੇ ਪ੍ਰਸ਼ਨਚਿੰਨ੍ਹ

ਇਹ ਕਹਿ ਕੇ ਨਹੀਂ ਸਰਨਾ ਕਿ ਮਾਨ ਸਰਕਾਰ ਬਹੁਤ ਹੀ ਇਨਕਲਾਬੀ ਕਦਮ ਚੁੱਕ ਰਹੀ ਹੈ ਤੇ ਉਨ੍ਹਾਂ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਲਈ ਕੁਝ ਸਿਆਸੀ ਧਿਰਾਂ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਗਈ ਹੈ, ਉਨ੍ਹਾਂ ਦੁਆਰਾ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਮੁੱਖ ਮੁੱਦਾ ਅੱਜ ਪਟਿਆਲਾ ਵਿੱਚ ਵਾਪਰਿਆ ਘਟਨਾਕ੍ਰਮ ਹੈ ਜਿਸ ਨੇ ਪੰਜਾਬ ਹਿੰਦੂ-ਸਿੱਖ ਭਾਈਚਾਰੇ ਦੇ ਸਦੀਆਂ ਪੁਰਾਣੇ ਮਿਲਵਰਤਨ ਨੂੰ ਇੱਕ ਵਾਰ ਫਿਰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਕਿਥੇ ਗਈ ਕੇਜਰੀਵਾਲ ਦੀ ਪਟਿਆਲਾ ਦੀ ਸ਼ਾਂਤੀ ਮਾਰਚ। ਕਿਥੇ ਹੈ ਪਟਿਆਲਾ ਦਾ ਆਮ ਆਦਮੀ ਪਾਰਟੀ ਦਾ ਵਿਧਾਇਕ ਜਿਹੜਾ ਪਟਿਆਲਾ ਵਾਸੀਆਂ ਉਤੇ ਵਰ੍ਹਦੀਆਂ ਇੱਟਾਂ ਦੌਰਾਨ ਘਰ ਵਿੱਚ ਦੁਬਕਿਆ ਰਿਹਾ। ਹੋ ਸਕਦਾ ਹੈ ਕੋਈ ਸਿਆਸੀ ਖੇਡ ਵੀ ਹੋਵੇ ਪਰ ਹੁਣ ਤਾਂ ਸ੍ਰ. ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਪੂਰਾ ਪੰਜਾਬ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹੈ, ਜੇਕਰ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਹਿੱਤਾਂ ਪ੍ਰਤੀ ਚੌਕਸ ਹੋਵੇ ਤਾਂ ਕਿਸੇ ਵੀ ਕੱਟੜਪੰਥੀ ਦੀ ਜੁਅਰਤ ਨਹੀਂ ਕਿ ਉਹ ਸਟੇਟ ਲਈ ਚੈਲੰਜ ਬਣ ਸਕੇ। ਜਿਹੜਾ ਵਿਅਕਤੀ ਇਸ ਸ਼ਾਂਤੀ ਨੂੰ ਭੰਗ ਕਰਨ ਦਾ ਦੋਸ਼ੀ ਹੈ ਉਹ ਪਿਛਲੇ ਕਈ ਦਿਨਾਂ ਤੋਂ ਸਿੱਖਾਂ ਅਤੇ ਸਰਕਾਰ ਨੂੰ ਚੁਣੌਤੀ ਦਿੰਦਾ ਆ ਰਿਹਾ ਸੀ। ਉਪਰੋਂ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਦੀਆਂ ਹੋਈਆਂ ਸਿੱਖ ਜਥੇਬੰਦੀਆਂ ਆਪ ਚੁਣੌਤੀ ਦੇ ਦਿੱਤੀ ਕਿ ਵਿਰੋਧ ਕੀਤਾ ਜਾਵੇਗਾ। ਕੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜਦੋਂ-ਜਦੋਂ ਵੀ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਲੈ ਕੇ ਬਿਆਨਬਾਜ਼ੀ ਹੁੰਦੀ ਹੈ ਤਾਂ ਹਾਲਾਤ ਕੀ ਬਣਦੇ ਹਨ?
ਆਮ ਆਦਮੀ ਪਾਰਟੀ ਦੇ ਬੁਲਾਰੇ ਇਹ ਕਹਿੰਦੇ ਹਨ ਕਿ ਅਜਿਹਾ ਅਕਾਲੀਆਂ ਅਤੇ ਕਾਂਗਰਸੀਆਂ ਸਰਕਾਰਾਂ ਮੌਕੇ ਵੀ ਹੋਇਆ? ਪਰ ਆਮ ਆਦਮੀ ਪਾਰਟੀ ਤਾਂ ਕੋਈ ਬਦਲਾਅ ਨਹੀਂ ਲਿਆ ਸਕੀ। ਮਾਨ ਸਾਹਿਬ ਪੰਜਾਬ ਵਿੱਚ ਜਿਸ ਢੰਗ ਨਾਲ ਕਾਨੂੰਨ ਤੇ ਵਿਵਸਥਾ ਵਿਗੜ ਰਹੀ ਹੈ, ਇਸ ਦੇ ਲਈ ਪਿਛਲੀਆਂ ਪਾਰਟੀਆਂ ‘ਤੇ ਜ਼ਿੰਮੇਵਾਰੀ ਨਹੀਂ ਮੜ੍ਹੀ ਜਾ ਸਕਦੀ। ਸਿਸਟਮ ਠੀਕ ਕਰਨ ਲਈ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਨ। ਹਾਂ, ਜੇਕਰ ਕੋਈ ਰਵਾਇਤੀ ਪਾਰਟੀ ਦਾ ਲੀਡਰ ਜ਼ਿੰਮੇਵਾਰ ਹੈ ਫੜ ਕੇ ਜੇਲ੍ਹ ਵਿੱਚ ਸੁੱਟੋ। ਘਟਨਾਕ੍ਰਮ ਦੇ ਜ਼ਿੰਮੇਵਾਰ ਚਾਹੇ ਸਿੱਖ ਲੀਡਰ ਹੋਣ, ਚਾਹੇ ਹਿੰਦੂ ਲੀਡਰ ਹੋਣ ਚੁੱਕੋ ਤੇ ਹਥਕੜ੍ਹੀਆਂ ਲਗਾ ਕੇ ਅਦਾਲਤ ਦੇ ਸਾਹਮਣੇ ਸੁੱਟੋ।
ਹੁਣ ਇਹ ਨਹੀਂ ਕਿ ਆਪਣੀ ਨਾਕਾਮੀਆਂ ਲਈ ਪਿਛਲੀਆਂ ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਬਣਾ ਕੇ ਆਪਣੇ ਆਪ ਨੂੰ ਬਰੀ ਕੀਤਾ ਸਕਦਾ ਹੈ। ਆਮ ਆਦਮੀ ਪਾਰਟੀ ਨੇ ਜਦੋਂ ਚੋਣਾਂ ਲੜੀਆਂ ਸਨ ਤਾਂ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਸੂਬੇ ਦੇ ਹਰ ਖੇਤਰ ਵਿੱਚ ਬਦਲਾਓ ਦੀ ਗੱਲ ਕੀਤੀ ਸੀ। ਬਦਲਾਓ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਕੋਈ ਇਨਕਲਾਬ ਦੀ ਕੋਈ ਕਿਰਨ ਨਜ਼ਰ ਆ ਰਹੀ ਹੈ। ਜੇਕਰ ਨਜ਼ਰ ਆ ਰਿਹਾ ਹੈ ਕਿ ਦਿੱਲੀ ਵਰਗੇ ਅੱਧੇ ਸੂਬੇ ਅੱਗੇ ਪੰਜਾਬ ਵਰਗਾ ਪੂਰਨ ਸੂਬਾ ਨਤਮਸਤਕ ਹੋ ਰਿਹਾ ਹੈ। ਸਿਰਫ ਨਤਮਸਤ ਹੀ ਨਹੀਂ ਡੰਡੌਤ ਕਰ ਰਿਹਾ ਹੈ। ਮਾਨ ਸਾਹਿਬ ਕਿਸੇ ਲੀਡਰ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਨਾਲੋਂ ਪੰਜਾਬ ਦੇ ਲੋਕਾਂ ਦੀ ਸਦਭਾਵਨਾ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਅੱਗ ਤੋਂ ਬਚਾਓ। 
ਦਰਸ਼ਨ ਸਿੰਘ ਦਰਸ਼ਕ
98555-08918