India News

ਗਨੀ ਦੀ ਆਲੋਚਨਾ ਵਾਲੇ ਟਵੀਟ ’ਤੇ ਅਫ਼ਗਾਨ ਦੂਤਘਰ ਦੇ ਅਧਿਕਾਰੀ ਦੀ ਸਫ਼ਾਈ- ਅਕਾਊਂਟ ਹੈੱਕ ਹੋਇਆ ਸੀ

ਨਵੀਂ ਦਿੱਲੀ- ਭਾਰਤ ਸਥਿਤ ਅਫ਼ਗਾਨ ਦੂਤਘਰ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਡਿਪਲੋਮੈਟ ਮਿਸ਼ਨ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ’ਤੇ ਇੱਥੇ ਸਥਿਤ ਅਫ਼ਗਾਨ ਦੂਤਘਰ ਦੇ ਟਵਿੱਟਰ ਹੈਂਡਲ ਤੋਂ ਉਨ੍ਹਾਂ ਵਿਰੁੱਧ ਵੱਖ-ਵੱਖ ਟਵੀਟ ਜਾਰੀ ਹੋਣ ਤੋਂ ਬਾਅਦ ਅਧਿਕਾਰੀ ਨੇ ਇਹ ਗੱਲ ਕਹੀ। ਅਫ਼ਗਾਨ ਦੂਤਘਰ ਦੇ ਪ੍ਰੈੱਸ ਸਕੱਤਰ ਅਬਦੁਲਹਕ ਆਜ਼ਾਦ ਨੇ ਆਪਣੇ ਨਿੱਜੀ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਉਹ ਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੰਟਰੋਲ ਗੁਆ ਚੁਕੇ ਹਨ। ਉਨ੍ਹਾਂ ਨੇ ਆਪਣੇ ਟਵੀਟ ਨਾਲ ਗਨੀ ਦੀ ਆਲੋਚਨਾ ਨਾਲ ਸੰਬੰਧਤ ਇਕ ਸੰਦੇਸ਼ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ।

 

ਆਜ਼ਾਦ ਨੇ ਕਿਹਾ,‘‘ਅਫ਼ਗਾਨਿਸਤਾਨ (ਦੂਤਘਰ) ਦੇ ਟਵਿੱਟਰ ਹੈਂਡਲ ਤੱਕ ਮੇਰੀ ਪਹੁੰਚ ਨਹੀਂ ਹੋ ਪਾ ਰਹੀ। ਇਕ ਦੋਸਤ ਨੇ ਇਸ ਟਵੀਟ ਦਾ ਸਕਰੀਨਸ਼ਾਟ ਭੇਜਿਆ ਹੈ (ਇਹ ਟਵੀਟ ਮੈਂ ਨਹੀਂ ਦੇਖ ਪਾ ਰਿਹਾ ਹਾਂ)। ਮੈਂ ਲਾਗ ਇਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਪਾ ਰਿਹਾ। ਪ੍ਰਤੀਤ ਹੁੰਦਾ ਹੈ ਕਿ ਇਹ ਹੈੱਕ ਹੋ ਗਿਆ ਹੈ।’’ ਗਨੀ ਦੀ ਆਲੋਚਨਾ ਕਰਨ ਵਾਲੇ ਟਵੀਟ ਬਾਅਦ ’ਚ ਹਟਾ ਦਿੱਤੇ ਗਏ। ਰਾਜਧਾਨੀ ਕਾਬੁਲ ਸਮੇਤ ਪੂਰੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਰਮਿਆਨ ਗਨੀ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਨੇ ਐਤਵਾਰ ਨੂੰ ਅਫ਼ਗਾਨਿਸਤਾਨ ਛੱਡ ਦਿੱਤਾ। ਗਨੀ ਦੇ ਦੇਸ਼ ਛੱਡਣ ’ਤੇ ਦੇਸ਼ ਦੇ ਵੱਖ-ਵੱਖ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।