India News

ਗਰੀਬਾਂ ਲਈ ਘਰ ਬਣਵਾਉਣਾ ਹੀ ਨਹੀਂ ਚਾਹੁੰਦੀ ਸੀ ਉੱਤਰ ਪ੍ਰਦੇਸ਼ ਸਰਕਾਰ: PM ਮੋਦੀ

ਲਖਨਊ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਸਾਬਕਾ ਅਖਿਲੇਸ਼ ਯਾਦਵ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਘਰ ਬਣਵਾਉਣਾ ਹੀ ਨਹੀਂ ਚਾਹੁੰਦੀ ਸੀ। ਪ੍ਰਧਾਨ ਮੰਤਰੀ ਨੇ ਲਖਨਊ ਵਿਚ ‘ਨਿਊ ਅਰਬਨ ਇੰਡੀਆ ਥੀਮ’ ’ਤੇ ਆਯੋਜਿਤ ਤਿੰਨ ਦਿਨਾਂ ਸੰਮੇਲਨ-ਸਹਿ-ਐਕਸਪੋ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰ ਦੇ 75,000 ਲਾਭਪਾਤਰੀਆਂ ਨੂੰ ਡਿਜੀਟਲ ਜ਼ਰੀਏ ਆਵਾਸ ਸੌਂਪਣ ਮਗਰੋਂ ਸੰਬੋਧਨ ਕੀਤਾ। 

ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਉਹ ਦਿਨ ਵੀ ਯਾਦ ਆਉਂਦੇ ਹਨ, ਜਦੋਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉੱਤਰ ਪ੍ਰਦੇਸ਼ ਘਰਾਂ ਦੇ ਨਿਰਮਾਣ ਦੇ ਮਾਮਲੇ ਵਿਚ ਅੱਗੇ ਨਹੀਂ ਵਧ ਰਿਹਾ ਸੀ। ਗਰੀਬਾਂ ਲਈ ਘਰ ਬਣਾਉਣ ਦਾ ਪੈਸਾ ਕੇਂਦਰ ਸਰਕਾਰ ਦੇ ਰਹੀ ਸੀ, ਇਸ ਦੇ ਬਾਵਜੂਦ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿਚ ਜੋ ਸਰਕਾਰ ਸੀ, ਉਹ ਗਰੀਬਾਂ ਲਈ ਘਰ ਬਣਵਾਉਣਾ ਹੀ ਨਹੀਂ ਚਾਹੁੰਦੀ ਸੀ। ਮੋਦੀ ਨੇ ਦੋਸ਼ ਲਾਇਆ ਕਿ 2017 ਤੋਂ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉੱਤਰ ਪ੍ਰਦੇਸ਼ ਲਈ 18,000 ਘਰਾਂ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਜੋ ਸਰਕਾਰ ਇੱਥੇ ਸੀ, ਉਸ ਨੇ ਗਰੀਬਾਂ ਨੂੰ 18 ਘਰ ਵੀ ਬਣਾ ਕੇ ਨਹੀਂ ਦਿੱਤੇ। ਪੈਸਾ ਸੀ, ਘਰਾਂ ਨੂੰ ਮਨਜ਼ੂਰੀ ਵੀ ਸੀ ਪਰ ਉਦੋਂ ਜੋ ਲੋਕ ਪ੍ਰਦੇਸ਼ ਨੂੰ ਚਲਾ ਰਹੇ ਸਨ, ਉਹ ਇਸ ’ਚ ਲਗਾਤਾਰ ਅੜਿੱਕਾ ਪਾ ਰਹੇ ਸਨ। ਉਨ੍ਹਾਂ ਦਾ ਇਹ ਕੰਮ ਸੂਬੇ ਦੇ ਲੋਕ ਕਦੇ ਨਹੀਂ ਭੁੱਲ ਸਕਦੇ। 

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਅਤੇ ਬਾਅਦ ਦੀ ਯੂ. ਪੀ. ਦਾ ਅੰਤਰ ਇੱਥੋਂ ਦੇ ਲੋਕ ਜਾਣ ਗਏ ਹੋਣਗੇ। ਪਹਿਲਾਂ ਉੱਤਰ ਪ੍ਰਦੇਸ਼ ਵਿਚ ਬਿਜਲੀ ਘੱਟ ਸੀ ਅਤੇ ਜਾਂਦੀ ਜ਼ਿਆਦਾ ਸੀ ਅਤੇ ਆਉਂਦੀ ਵੀ ਸੀ ਤਾਂ ਉੱਥੇ, ਜਿੱਥੇ ਨੇਤਾ ਚਾਹੁੰਦੇ ਸਨ। ਬਿਜਲੀ ਸਹੂਲਤ ਨਹੀਂ ਸਗੋਂ ਸਿਆਸਤ ਦਾ ਟੂਲ ਸੀ। ਹੁਣ ਬਿਜਲੀ ਸਾਰਿਆਂ ਨੂੰ ਸਭ ਥਾਂ ਇਕ ਬਰਾਬਰ ਮਿਲ ਰਹੀ ਹੈ। ਹੁਣ ਪਿੰਡ ਦੀਆਂ ਸੜਕਾਂ ਕਿਸੇ ਸਿਫਾਰਸ਼ ਦੀ ਮੋਹਤਾਜ ਨਹੀਂ ਹਨ ਯਾਨੀ ਕਿ ਸ਼ਹਿਰੀ ਵਿਕਾਸ ਲਈ ਜਿਸ ਇੱਛਾ ਸ਼ਕਤੀ ਦੀ ਲੋੜ ਹੈ, ਉਹ ਵੀ ਅੱਜ ਉੱਤਰ ਪ੍ਰਦੇਸ਼ ਨੂੰ ਮਿਲ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਸੂਬੇ ਦੇ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਯੋਗੀ ਜੀ ਦੀ ਅਗਵਾਈ ਵਿਚ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਹੁਣ ਤਕ ਜਿਨ੍ਹਾਂ 3 ਕਰੋੜ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਮਿਲੇ ਹਨ, ਉਨ੍ਹਾਂ ਨੂੰ ਇਕ ਹੀ ਯੋਜਨਾ ਤੋਂ ਲੱਖਪਤੀ ਬਣਨ ਦਾ ਮੌਕਾ ਮਿਲ ਗਿਆ ਹੈ। ਇਹ ਗਰੀਬ ਪਰਿਵਾਰ ਲੱਖਪਤੀ ਬਣ ਚੁੱਕੇ ਹਨ। ਮੋਦੀ ਨੇ ਇਸ ਪ੍ਰੋਗਰਾਮ ਦੌਰਾਨ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਚੁਣੇ 75,000 ਲਾਭਪਾਤਰੀਆਂ ਨੂੰ ਡਿਜੀਟਲ ਜ਼ਰੀਏ ਚਾਬੀਆਂ ਵੰਡ ਕੇ ਤਿੰਨ ਲਾਭਪਾਤਰੀ ਬੀਬੀਆਂ ਨਾਲ ਵਰਚੂਅਲੀ ਸੰਵਾਦ ਵੀ ਕੀਤਾ।