UK News

ਗਲਾਸਗੋ: ਐੱਨ ਐੱਚ ਐੱਸ ਸਟਾਫ ਹਰ ਮਹੀਨੇ ਕਰਦਾ ਹੈ ਸੈਂਕੜੇ ਹਮਲੇ ਤੇ ਧਮਕੀਆਂ ਦਾ ਸਾਹਮਣਾ

 ਸਕਾਟਲੈਂਡ ਦੇ ਸਿਹਤ ਬੋਰਡ ਗ੍ਰੇਟਰ ਗਲਾਸਗੋ ਅਤੇ ਕਲਾਈਡ (ਜੀ ਜੀ ਸੀ) ਵਿੱਚ ਫਰੰਟਲਾਈਨ ਐੱਨ ਐੱਚ ਐੱਸ ਸਟਾਫ ਨੂੰ ਹਰ ਮਹੀਨੇ ਸੈਂਕੜੇ ਹਮਲਿਆਂ ਦੇ ਨਾਲ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਹੋਏ ਇੱਕ ਖੁਲਾਸੇ ਦੇ ਅਨੁਸਾਰ ਸਿਹਤ ਕਰਮਚਾਰੀ ਹਰ ਮਹੀਨੇ ਔਸਤਨ 354 ਹਿੰਸਕ ਘਟਨਾਵਾਂ ਅਤੇ ਲੋਕਾਂ ਵੱਲੋਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ। ਅੰਕੜਿਆਂ ਅਨੁਸਾਰ ਐੱਨ ਐੱਚ ਐੱਸ ਜੀ ਜੀ ਸੀ ਹਸਪਤਾਲਾਂ ਦੇ ਸਟਾਫ ‘ਤੇ ਜਨਵਰੀ ਤੋਂ ਜੁਲਾਈ 2021 ਦੇ ਵਿੱਚ ਤਕਰੀਬਨ 2479 ਹਮਲੇ ਅਤੇ ਧਮਕੀਆਂ ਦਰਜ ਕੀਤੀਆਂ ਗਈਆਂ, ਜਦਕਿ ਅਗਸਤ ਦੇ ਪਹਿਲੇ ਅੱਠ ਦਿਨਾਂ ਵਿੱਚ ਲਗਭਗ 100 ਹਮਲੇ ਹੋਏ। 

ਸਿਹਤ ਬੋਰਡ ਦੇ ਮਨੁੱਖੀ ਸਰੋਤਾਂ ਅਤੇ ਵਿਕਾਸ ਦੇ ਨਿਰਦੇਸ਼ਕ ਐਨ ਮੈਕਫਰਸਨ ਅਨੁਸਾਰ ਕੋਵਿਡ ਮਹਾਮਾਰੀ ਹਰ ਕਿਸੇ ਲਈ ਚੁਣੌਤੀਪੂਰਨ ਰਹੀ ਹੈ ਅਤੇ ਸਿਹਤ ਵਿਭਾਗ ਦੇ ਸਾਰੇ ਡਾਕਟਰਾਂ, ਨਰਸਾਂ, ਸਹਿਯੋਗੀ ਸਿਹਤ ਪੇਸ਼ੇਵਰਾਂ, ਸਹਾਇਤਾ ਸਟਾਫ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ। ਐੱਨ ਐੱਚ ਐੱਸ ਸਟਾਫ ਲੋਕਾਂ ਦੀ ਮਦਦ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਅਤੇ ਜਾਨਾਂ ਬਚਾਉਣ ਲਈ ਅੱਗੇ ਆਉਂਦਾ ਹੈ। ਇਸ ਲਈ ਸਟਾਫ ਪ੍ਰਤੀ ਕਈ ਲੋਕਾਂ ਦਾ ਇਹ ਵਤੀਰਾ ਚਿੰਤਾਜਨਕ ਹੈ। ਇਸ ਲਈ ਸਿਹਤ ਮਾਹਿਰਾਂ ਅਨੁਸਾਰ ਅਜਿਹੇ ਸਮੇਂ ਹਸਪਤਾਲਾਂ ਜਾਂ ਹੋਰ ਸਿਹਤ ਸਹੂਲਤਾਂ ਵਿੱਚ ਆਉਣ ਜਾਂ ਕੰਮ ਕਰਦੇ ਸਮੇਂ ਸਿਹਤ ਸਟਾਫ ਦਾ ਅਜਿਹੇ ਹਮਲਿਆਂ ਤੋਂ ਚਿੰਤਾ ਮੁਕਤ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।