UK News

ਗਲਾਸਗੋ : ਕੋਪ 26 ’ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ

ਗਲਾਸਗੋ –ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਇਸ ਸਾਲ ਨਵੰਬਰ ਮਹੀਨੇ ਕੋਪ 26 ਜਲਵਾਯੂ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ’ਚ ਵਿਸ਼ਵ ਭਰ ਦੇ ਪ੍ਰਤੀਨਿਧ ਹਿੱਸਾ ਲੈਣ ਲਈ ਗਲਾਸਗੋ ਆਉਣਗੇ। ਇਸ ਲਈ ਸਕਾਟਲੈਂਡ ਸਰਕਾਰ ਦੇ ਅਨੁਸਾਰ ਗਲਾਸਗੋ ਆਉਣ ਵਾਲੇ ਵਿਸ਼ਵ ਨੇਤਾਵਾਂ ਲਈ ਇਲੈਕਟ੍ਰਿਕ ਵਾਹਨ ਮੁਹੱਈਆ ਕਰਵਾਏ ਜਾਣਗੇ। ਇਸ ਮੰਤਵ ਲਈ ਜੈਗੁਆਰ ਲੈਂਡ ਰੋਵਰ ਬੈਟਰੀ ਇਲੈਕਟ੍ਰਿਕ ਵਾਹਨਾਂ ਨੂੰ ਸਕਾਟਿਸ਼ ਈਵੈਂਟਸ ਕੈਂਪਸ ’ਚ ਹੋਣ ਵਾਲੇ ਸਿਖਰ ਸੰਮੇਲਨ ’ਚ ਡੈਲੀਗੇਟਾਂ ਦੇ ਆਉਣ ਅਤੇ ਜਾਣ ਲਈ ਮੁਹੱਈਆ ਕਰਵਾਏਗੀ।

ਜੈਗੁਆਰ ਲੈਂਡ ਰੋਵਰ ਦਾ ਟੀਚਾ ਅੰਤਰਰਾਸ਼ਟਰੀ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਦੇ ਟੀਚੇ ਦੇ ਹਿੱਸੇ ਵਜੋਂ 2039 ਤੱਕ ਆਪਣੀ ਸਪਲਾਈ ਲੜੀ, ਉਤਪਾਦਾਂ ਅਤੇ ਸੰਚਾਲਨਾਂ ’ਚ ਜ਼ੀਰੋ ਨਿਕਾਸ ਅਤੇ 2039 ਤੱਕ ਸ਼ੁੱਧ-ਜ਼ੀਰੋ ਕਾਰਬਨ ਨਿਕਾਸ ਪ੍ਰਾਪਤ ਕਰਨਾ ਹੈ। ਇਸ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦਾ ਕਹਿਣਾ ਹੈ ਕਿ ਜੈਗੁਆਰ ਲੈਂਡ ਰੋਵਰ ਇੱਕ ਸ਼ਾਨਦਾਰ ਬ੍ਰਿਟਿਸ਼ ਬ੍ਰਾਂਡ ਹੈ ਅਤੇ ਗਲਾਸਗੋ ’ਚ ਵਿਸ਼ਵ ਨੇਤਾਵਾਂ ਵੱਲੋਂ ਇਨ੍ਹਾਂ ਦੀਆਂ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਕੀਤੀ ਜਾਣ ‘ਤੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਜੈਗੁਆਰ ਲੈਂਡ ਰੋਵਰ ਦੇ ਮੁੱਖ ਕਾਰਜਕਾਰੀ ਥਿਏਰੀ ਬੋਲੋਰ ਨੇ ਵੀ ਕੋਪ 26 ਦੇ ਨਾਲ ਸਾਂਝੇਦਾਰੀ ਕਰਨ ਅਤੇ ਜੈਗੁਆਰ ਆਈ-ਪੇਸ ਐੱਸ. ਯੂ. ਵੀ. ਸਮੇਤ ਸਾਰੇ ਇਲੈਕਟ੍ਰਿਕ ਵਾਹਨਾਂ ਦਾ ਫਲੀਟ ਮੁਹੱਈਆ ਕਰਾ ਕੇ ਖੁਸ਼ੀ ਪ੍ਰਗਟ ਕੀਤੀ, ਜੋ ਸੰਮੇਲਨ ’ਚ ਜ਼ੀਰੋ-ਨਿਕਾਸ ਆਵਾਜਾਈ ਪ੍ਰਦਾਨ ਕਰੇਗੀ।