UK News

ਗਲਾਸਗੋ: ਕੋਵਿਡ ਟੈਸਟਿੰਗ ਬੱਸ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਟੈਸਟ ਕਰਨ ਦੀਆਂ ਸੇਵਾਵਾਂ

 

ਗਲਾਸਗੋ – ਸਕਾਟਲੈਂਡ ਵਿਚ ਜ਼ਿਆਦਾ ਲੋਕਾਂ ਦਾ ਕੋਰੋਨਾ ਟੈਸਟ ਕਰਨ ਦੇ ਉਦੇਸ਼ ਲਈ ਗਲਾਸਗੋ ਸ਼ਹਿਰ ਵਿਚ ਇਕ ਨਵੀਂ ਕੋਰੋਨਾ ਟੈਸਟਿੰਗ ਬੱਸ ਰਾਹੀਂ ਕੋਰੋਨਾ ਵਾਇਰਸ ਲਈ ਟੈਸਟ ਕਰਨ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕੋਰੋਨਾ ਵਾਇਰਸ ਟੈਸਟਿੰਗ ਬੱਸ ਵਿਚ ਜਿਨ੍ਹਾਂ ਲੋਕਾਂ ਵਿਚ ਵਾਇਰਸ ਦਾ ਕੋਈ ਲੱਛਣ ਨਹੀਂ ਹੈ, ਕੋਵਿਡ ਟੈਸਟ ਕਰਵਾ ਸਕਦੇ ਹਨ। ਇਹ ਬੱਸ ਐੱਨ. ਐੱਚ. ਐੱਸ. ਸਟਾਫ਼ ਵੱਲੋਂ ਲੋਕਾਂ ਨੂੰ ਬਿਨਾਂ ਅਪਾਇੰਟਮੈਂਟਸ ਦੇ ਕੋਰੋਨਾ ਲਈ ਐਸੀਮਪੋਮੈਟਿਕ ਟੈਸਟ ਕਰਵਾਉਣ ਦੀ ਸਹੂਲਤ ਦਿੰਦੀ ਹੈ।

ਇਸਦੇ ਇਲਾਵਾ ਇਹ ਬੱਸ ਲੋਕਾਂ ਨੂੰ ਘਰਾਂ ਵਿਚ ਨਿਯਮਤ ਟੈਸਟਿੰਗ ਕਰਨ ਲਈ ਲੈਟਰਲ ਫਲੋਅ ਰੈਪਿਡ ਟੈਸਟਿੰਗ ਕਿੱਟਾਂ ਵੀ ਮੁਹੱਈਆ ਕਰਵਾਉਂਦੀ ਹੈ। ਇਹ ਕਿੱਟ ਲੈਣ ਲਈ ਆਪਣੇ ਸੰਪਰਕ ਵੇਰਵੇ ਰਜਿਸਟਰ ਕਰਵਾਉਣ ਦੇ ਨਾਲ ਲੋਕ ਟੈਸਟ ਕਿਸ ਤਰ੍ਹਾਂ ਕਰਨਾ ਹੈ? ਦੀ ਜਾਣਕਾਰੀ ਵੀ ਲੈ ਸਕਦੇ ਹਨ। ਸੋਮਵਾਰ ਨੂੰ ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਡੇਵਿਡ ਮੈਕਡੋਨਲਡ ਨੇ ਬੋਟੈਨਿਕ ਗਾਰਡਨ ਵਿਚ ਬੱਸ ਦੇ ਪਹੁੰਚਣ ‘ਤੇ ਕੋਰੋਨਾ ਟੈਸਟ ਕਰਵਾਇਆ। ਇਹ ਬੱਸ ਦੋ ਕੌਂਸਲ ਮਿਨੀ ਬੱਸਾਂ ਵਿੱਚੋਂ ਇਕ ਹੈ ਜੋ ਸਿਟੀ ਬਿਲਡਿੰਗ ਵੱਲੋਂ ਮੋਬਾਈਲ ਟੈਸਟਿੰਗ ਯੂਨਿਟ ਵਿਚ ਤਬਦੀਲ ਕੀਤੀ ਗਈ ਹੈ।

ਸੋਮਵਾਰ ਅਤੇ ਮੰਗਲਵਾਰ ਸਵੇਰੇ 10 ਤੋਂ ਸ਼ਾਮ 4 ਵਜੇ ਦੇ ਵਿਚਕਾਰ ਗਲਾਸਗੋ ਦੇ ਬੋਟੈਨੀਕ ਗਾਰਡਨਜ਼ ਵਿਖੇ ਕਿਬਲੇ ਪੈਲੇਸ ਦੇ ਬਾਹਰ ਟੈਸਟ ਸੇਵਾਵਾਂ ਦੇਣ ਦੇ ਬਾਅਦ ਇਹ ਬੱਸ ਅਗਲੇ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੋਟੈਨੀਕ ਗਾਰਡਨ ਵਿਚ ਵਾਪਸ ਆਵੇਗੀ। ਇਸ ਨਾਲ ਦੀ ਦੂਜੀ ਬੱਸ ਦੇ ਵੀ ਜਲਦ ਹੀ ਆਉਣ ਦੀ ਉਮੀਦ ਹੈ। ਜਨਤਕ ਸਿਹਤ ਅਧਿਕਾਰੀ ਬਿਨਾਂ ਲੱਛਣਾਂ ਤੋਂ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਹਿ ਰਹੇ ਹਨ, ਤਾਂ ਜੋ ਘਰ ਜਾਂ ਕਮਿਊਨਿਟੀ ਵਿਚ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।