UK News

ਗਲਾਸਗੋ ‘ਚ ਨੈਲਸਨ ਮੰਡੇਲਾ ਦਾ ਬੁੱਤ ਲਗਾਉਣ ਲਈ ਦੁਬਾਰਾ ਮਿਲੀ ਮਨਜ਼ੂਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਬੁੱਤ ਲਗਾਉਣ ਲਈ ਲਈ ਦੁਬਾਰਾ ਆਗਿਆ ਦਿੱਤੀ ਗਈ ਹੈ। ਇਸ ਮੂਰਤੀ ਲਈ ‘ਨੈਲਸਨ ਮੰਡੇਲਾ ਸਕਾਟਿਸ਼ ਮੈਮੋਰੀਅਲ ਫਾਉਂਡੇਸ਼ਨ’ ਮੂਰਤੀ ਦੀ ਕੀਮਤ ਨੂੰ ਪੂਰਾ ਕਰਨ ਲਈ ਪੈਸੇ ਇਕੱਠੇ ਕਰ ਰਹੀ ਹੈ। ਇਸ ਤੋਂ ਪਿਛਲੀ ਮੂਰਤੀ ਲਗਾਉਣ ਦੀ ਅਰਜ਼ੀ ਨੂੰ 2017 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਉਸ ਦੀ ਮਿਆਦ ਤਿੰਨ ਸਾਲਾਂ ਬਾਅਦ ਖ਼ਤਮ ਹੋ ਗਈ ਸੀ। 

ਇਹ ਚੈਰਿਟੀ 8 ਨੈਲਸਨ ਮੰਡੇਲਾ ਪਲੇਸ ਦੇ ਬਾਹਰ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਪਿੱਤਲ ਦਾ ਬੁੱਤ ਲਗਾਉਣਾ ਚਾਹੁੰਦੀ ਹੈ। ਇਹ ਮੂਰਤੀ 1981 ਵਿੱਚ ਮੰਡੇਲਾ ਨੂੰ ਇਸ ਦੀ ਆਜ਼ਾਦੀ ਪ੍ਰਦਾਨ ਕਰਨ ਵਾਲੇ ਵਿਸ਼ਵ ਦੇ ਪਹਿਲੇ ਸ਼ਹਿਰ ਗਲਾਸਗੋ ਨਾਲ ਉਸ ਦੇ ਸਬੰਧਾਂ ਨੂੰ ਦਰਸਾਉਣ ਦੀ ਤਜਵੀਜ਼ ਹੈ। 1990 ਵਿੱਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਮੰਡੇਲਾ ਨੇ 1993 ਵਿੱਚ ਇਸ ਸ਼ਹਿਰ ਦਾ ਦੌਰਾ ਕੀਤਾ ਸੀ। 

ਇਸ ਬੁੱਤ ਦੇ ਸੰਬੰਧ ਵਿੱਚ ਚੈਰਿਟੀ ਦੇ ਚੇਅਰਮੈਨ, ਬ੍ਰਾਇਨ ਫਿਲਿੰਗ ਨੇ ਯੋਜਨਾਬੰਦੀ ਦੀ ਅਰਜ਼ੀ ਦਿੱਤੀ ਸੀ। ਇਸ ਬੁੱਤ ਨੂੰ ਲਗਾਉਣ ਲਈ ਨੈਲਸਨ ਮੰਡੇਲਾ ਪਲੇਸ ਨੂੰ ਰਾਜਨੀਤਿਕ, ਇਤਿਹਾਸਕ ਅਤੇ ਕਾਰਜਸ਼ੀਲ ਤੌਰ ‘ਤੇ ਆਦਰਸ਼ ਸਥਾਨ ਮੰਨਿਆ ਗਿਆ ਹੈ। ਇਸ ਚੈਰਿਟੀ ਦੁਆਰਾ 70,000 ਪੌਂਡ ਤੋਂ ਵੱਧ ਰਾਸ਼ੀ ਇਕੱਤਰ ਕੀਤੀ ਗਈ ਹੈ ਅਤੇ ਇਸ ਫਾਉਂਡੇਸ਼ਨ ਦੇ ਸਰਪ੍ਰਸਤਾਂ ਵਿੱਚ ਸਰ ਅਲੈਕਸ ਫਰਗਸਨ, ਸਰ ਕੈਨੀ ਡਾਲਗਲਿਸ਼, ਸਰ ਬਿਲੀ ਕਨੌਲੀ ਅਤੇ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬ੍ਰੈਟ ਸ਼ਾਮਲ ਹਨ। ਇਸਦੇ ਇਲਾਵਾ ਯੋਜਨਾਵਾਂ ਨੇ ਖੁਲਾਸਾ ਕੀਤਾ ਕਿ ਚੈਰਿਟੀ ਦਾ ਉਦੇਸ਼ ਅਗਲੇ ਸਾਲ ਦੇ ਸ਼ੁਰੂ ਵਿੱਚ ਮੂਰਤੀ ਸਥਾਪਿਤ ਕਰਨਾ ਹੈ।