UK News

ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਨੇ ਸੈਂਟਰਲ ਗੁਰਦੁਆਰਾ ਸਾਹਿਬ ਪਹੁੰਚ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ

ਗਲਾਸਗੋ-ਉਸ ਵੇਲੇ ਖੁਸ਼ੀ ਹੋਣੀ ਸੁਭਾਵਿਕ ਹੈ, ਜਦੋਂ ਤੁਹਾਡੇ ਕੀਤੇ ਗਏ ਨਿਸ਼ਕਾਮ ਕਾਰਜਾਂ ਨੂੰ ਕੋਈ ਤੁਹਾਡੇ ਘਰ ਆ ਕੇ ਸਲਾਹੇ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਿੰਘ ਸਭਾ ਨੂੰ ਅਜਿਹਾ ਹੀ ਮਾਣ ਦੇਣ ਲਈ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਵਿਸ਼ੇਸ਼ ਤੌਰ ’ਤੇ ਪਹੁੰਚੇ। ਲਾਰਡ ਪ੍ਰੋਵੋਸਟ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਦੇ ਸਨਮੁੱਖ ਹੋਣ ਲਈ ਉਲੀਕੀ ਗਈ ਇਹ ਵਿਸ਼ੇਸ਼ ਫੇਰੀ ਕੋਵਿਡ ਦੇ ਬੁਰੇ ਦੌਰ ’ਚ ਭਾਈਚਾਰੇ ਵੱਲੋਂ ਨਿਭਾਈਆਂ ਸੇਵਾਵਾਂ ਦਾ ਧੰਨਵਾਦ ਕਰਨ ਲਈ ਸੀ।

ਲਾਰਡ ਪ੍ਰੋਵੋਸਟ ਨੇ ਬੇਹੱਦ ਸਲੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਦੌਰਾਨ ਸਿੱਖ ਭਾਈਚਾਰੇ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਗੁਰੂ ਦੇ ਲੰਗਰ ਨਿਰੰਤਰ ਵਰਤਾਏ ਜਾਂਦੇ ਰਹਿਣ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਉਨ੍ਹਾਂ ਨੇ ਕੋਵਿਡ ਕਾਰਨ ਜਾਨਾਂ ਗੁਆ ਗਏ ਭਾਈਚਾਰੇ ਦੇ ਲੋਕਾਂ ਲਈ ਗੁਰੂਘਰ ਦੇ ਮੰਚ ਤੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਤੇ ਜਸਪਾਲ ਸਿੰਘ ਖਹਿਰਾ ਵੱਲੋਂ ਲਾਰਡ ਪ੍ਰੋਵੋਸਟ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ।