India News

ਗੁਜਰਾਤ ਹੈਰੋਇਨ ਮਾਮਲੇ ‘ਚ ਚਾਰੇ ਪਾਸਿਓਂ ਘਿਰੀ ਸਰਕਾਰ, ਕਾਂਗਰਸ ਨੇ PM ਮੋਦੀ ਦੀ ਚੁੱਪੀ ‘ਤੇ ਚੁੱਕੇ ਸਵਾਲ

ਨਵੀਂ ਦਿੱਲੀ : ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅਧਿਕਾਰੀਆਂ ਨੇ ਸਥਿਤ ਮੁੰਦਰਾ ਬੰਦਰਗਾਹ ਤੋਂ ਦੋ ਕੰਟੇਨਰਾਂ ਵਿੱਚ ਰੱਖੀ ਕਰੀਬ 3,000 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਭਾਰਤ ਵਿੱਚ ਇੱਕ ਵਾਰ ਵਿੱਚ ਹੋਈ ਹੈਰੋਇਨ ਦੀ ਇਹ ਸਭ ਤੋਂ ਵੱਡੀ ਜ਼ਬਤੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੀਬ 21,000 ਕਰੋੜ ਰੁਪਏ ਦੱਸੀ ਗਈ ਹੈ।  ਇਸ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਇਸ ਨੂੰ ਲੈ ਕੇ ਕਾਂਗਰਸ ਬੁਲਾਰਾ ਡਾ. ਸ਼ਮਾ ਮੁਹੰਮਦ ਨੇ ਟਵੀਟ ਦੇ ਜ਼ਰੀਏ ਸਰਕਾਰ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ 21000 ਕਰੋੜ ਰੁਪਏ ਦੀ 3000 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਤਸਕਰੀ ਹੈ। ਫਿਰ ਵੀ ਇਸ ਮਾਮਲੇ ‘ਤੇ ਪੀ.ਐੱਮ. ਨਰਿੰਦਰ ਮੋਦੀ ਅਤੇ ਭਾਜਪਾ ਚੁੱਪ ਹਨ। ਮੁੰਦਰਾ ਬੰਦਰਗਾਹ ਨੂੰ ਅਡਾਨੀ ਗਰੁੱਪ ਸੰਚਾਲਿਤ ਕਰਦਾ ਹੈ। ਕੀ ਇਹ ਹੈ ਪੀ.ਐੱਮ. ਮੋਦੀ ਦੇ ਪਿਨ ਡਰਾਪ ਸਾਇਲੈਂਸ ਦੇ ਪਿੱਛੇ ਦੀ ਵਜ੍ਹਾ।

ਅਧਿਕਾਰੀਆਂ ਨੇ ਸ਼ੁਰੂ ਕਰ ਦਿੱਤੀ ਜਾਂਚ 
ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਜ਼ਬਤੀ ਨੂੰ ਲੈ ਕੇ ਮਨੀ ਲਾਂਡਰਿੰਗ ਦੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 2,988.21 ਕਿੱਲੋਗ੍ਰਾਮ ਹੈਰੋਇਨ ਜ਼ਬਤ ਕਰਨ ਵਾਲੀ ਡਾਇਰੈਕਟੋਰੇਟ ਆਫ ਰੈਵੇਨਿ ਇੰਟੈਲੀਜੈਂਸ ਨੇ ਇਸ ਸਿਲਸਿਲੇ ਵਿੱਚ ਆਯਾਤ-ਨਿਰਯਾਤ ਕੰਪਨੀ ਚਲਾਉਣ ਵਾਲੇ ਇੱਕ ਪਤੀ-ਪਤਨੀ ਨੂੰ ਚੇਨਈ ਤੋਂ ਗ੍ਰਿਫਤਾਰ ਕੀਤਾ ਹੈ। ਨਸ਼ੀਲਾ ਪਦਾਰਥ ਦੀ ਰਿਕਾਰਡ ਜ਼ਬਤੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇ ਹੈਰਾਨੀ ਜਤਾਈ ਕਿ ਗੁਜਰਾਤ ਤੋਂ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਡਰੱਗ ਸਿੰਡੀਕੇਟ ਨੂੰ ਤੋੜਨ ਵਿੱਚ ਅਸਫਲ ਕਿਉਂ ਰਹੇ? ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪ੍ਰਤੀ ਕਿੱਲੋਗ੍ਰਾਮ 5 ਤੋਂ 7 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਈ.ਡੀ. ਇਸ ਮਾਮਲੇ ਦਾ ਵਿਸਥਾਨ ਨਾਲ ਅਧਿਐਨ ਕਰ ਰਿਹਾ ਹੈ ਅਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਏਜੰਸੀ ਨੇ ਇਸ ਸੰਬੰਧ ਵਿੱਚ ਡਾਇਰੈਕਟੋਰੇਟ ਆਫ ਰੈਵੇਨਿ ਇੰਟੈਲੀਜੈਂਸ ਦੁਆਰਾ 15 ਸਤੰਬਰ ਦੀ ਜ਼ਬਤੀ ਬਾਰੇ ਵੀ ਜਾਣਕਾਰੀ ਮੰਗੀ ਹੈ।