UK News

ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਅੰਤਰਰਾਸ਼ਟਰੀ ਕਾਨਫਰੰਸ 29 ਅਗਸਤ ਨੂੰ

ਗਲਾਸਗੋ- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੀ ਧਰਤੀ ‘ਤੇ ਗੁਰੂ ਨਾਨਕ ਸਿੱਖ ਟੈਂਪਲ, ਓਟੈਗੋ ਸਟਰੀਟ ਦੀ ਸਥਾਪਨਾ 1981 ਵਿਚ ਹੋਈ ਸੀ। ਗੁਰਦੁਆਰਾ ਸਾਹਿਬ ਦਾ 40ਵਾਂ ਸਥਾਪਨਾ ਦਿਵਸ ਵਿਸ਼ਵ ਪੱਧਰੀ ਕਾਨਫਰੰਸ ਦੇ ਰੂਪ ਵਿਚ 29 ਅਗਸਤ ਨੂੰ ਮਨਾਇਆ ਜਾਵੇਗਾ। ਗੁਰੂ ਘਰ ਦੇ ਸੇਵਾਦਾਰਾਂ ਭੁਪਿੰਦਰ ਸਿੰਘ ਬਰ੍ਹਮੀਂ, ਜਸਵੀਰ ਸਿੰਘ ਜੱਸੀ ਬਮਰਾਹ, ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਮੋਗਾ ਆਦਿ ਸਮੇਤ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਮਹਾਨ ਜਰਨੈਲ ਜੱਸਾ ਸਿੰਘ ਰਾਮਗਡ਼੍ਹੀਆ ਜੀ ਦੇ ਜਨਮ ਦਿਨ ਮੌਕੇ ‘ਮਿਸਲ ਡੇਅ’ ਦੇ ਨਾਂ ਹੇਠ 29 ਅਗਸਤ ਨੂੰ ਵਿਸ਼ਵ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ।

 

ਜ਼ਿਕਰਯੋਗ ਹੈ ਕਿ ਹਰ ਸਾਲ ਇਹ ਕਾਨਫਰੰਸ ਵੱਖ-ਵੱਖ ਮੁਲਕਾਂ ਵਿਚ ਕੀਤੀ ਜਾਂਦੀ ਹੈ। ਸਕਾਟਲੈਂਡ ਦਾ ਸਿੱਖ ਭਾਈਚਾਰਾ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਇਸ ਵਾਰ ਦੀ ਕਾਨਫਰੰਸ ਲਈ ਪ੍ਰਬੰਧਾਂ ਦੀ ਸੇਵਾ ਗੁਰੂ ਨਾਨਕ ਸਿੱਖ ਟੈਂਪਲ ਹਿੱਸੇ ਆਈ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕਾਨਫਰੰਸ ਸੰਬੰਧੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਕਾਨਫਰੰਸ ਦੌਰਾਨ ਰਾਮਗੜ੍ਹੀਆ ਕੌਂਸਲ ਯੂਕੇ ਦੀ ਤਰਫੋਂ ਵੱਡਾ ਵਫ਼ਦ ਕਾਨਫਰੰਸ ਵਿਚ ਹਿੱਸਾ ਲੈਣ ਪਹੁੰਚੇਗਾ। ਵਿਦਵਾਨ ਬੁਲਾਰੇ ਸਿੱਖ ਇਤਿਹਾਸ ਨਾਲ ਸਬੰਧਤ ਪਹਿਲੂਆਂ ਨੂੰ ਆਪੋ ਆਪਣੇ ਅੰਦਾਜ਼ ‘ਚ ਸੰਗਤਾਂ ਦੇ ਸਨਮੁੱਖ ਰੱਖਣਗੇ।