Punjab News

ਗੈਂਗਸਟਰਾਂ ਨੂੰ ਲੈ ਕੇ ਬੋਲੇ CM ਮਾਨ , ਕਿਹਾ-ਪੁਰਾਣੀਆਂ ਪਾਰਟੀਆਂ ਨੇ ਨੌਜਵਾਨਾਂ ਨੂੰ ਜੁਰਮ ’ਚ ਧੱਕਿਆ

ਬਰਨਾਲਾ : ਬਰਨਾਲਾ ਦੇ ਹਲਕਾ ਭਦੌੜ ‘ਚ ਰੋਡ ਸ਼ੋਅ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਂਗਸਟਰ ਪੁਰਾਣੀਆਂ ਪਾਰਟੀਆਂ ਦੇ ਪਾਲੇ ਹੋਏ ਹਨ। ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਭੜਕਾਇਆ ਅਤੇ ਇਸ ਗੈਂਗਵਾਰ ਦੀ ਦੁਨੀਆ ‘ਚ ਸ਼ਾਮਲ ਕਰ ਦਿੱਤਾ। ਪਾਰਟੀਆਂ ਨੇ ਨੌਜਵਾਨਾਂ ਨੂੰ ਇਸ ਜੁਰਮ ਦੀ ਦੁਨੀਆ ’ਚ ਲਿਆ ਕੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਦੇ ਕੰਮ ’ਚ ਦਖ਼ਲ ਨਹੀਂ ਦੇਵੇਗੀ ਅਤੇ ਇਸ ਮਾਮਲੇ ‘ਚ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵੇਗੀ।

ਬੀਤੇ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਵੱਲੋਂ ਚੁਣੇ ਗਏ ਉਮੀਦਵਾਰ ਨੂੰ ਲੋਕ ਸੰਸਦ ਮੈਂਬਰ ਵਜੋਂ ਚੁਣ ਲੈਂਦੇ ਹਨ ਤਾਂ ਬੰਦੀ ਸਿੰਘਾਂ ਨੂੰ ਜਲਦ ਹੀ ਰਿਹਾਈ ਕਰਵਾ ਦਿੱਤੀ ਜਾਵੇਗੀ। ਇਸ ’ਤੇ ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇਂ ਹੀ ਇਸ ਵੇਲੇ ਸੰਸਦ ਮੈਂਬਰ ਹਨ, ਉਹ ਖੁਦ ਹੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਲੈਣ।