Punjab News

ਗੱਤਕਾ ਕੋਚ ਗੁਰਵਿੰਦਰ ਕੌਰ ਨੇ ਚਮਕਾਇਆ ਸੁਲਤਾਨਪੁਰ ਲੋਧੀ ਦਾ ਨਾਂ, “ਪ੍ਰੈਜੀਡੈਂਟਜ਼ ਗੱਤਕਾ ਐਵਾਰਡ” ਨਾਲ ਸਨਮਾਨਤ

ਸੁਲਤਾਨਪੁਰ ਲੋਧੀ- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲਿਆਂ ਦੀਆਂ ਗੱਤਕਾ ਅਕੈਡਮੀਆਂ ਵਿੱਚ ਲੜਕੇ ਅਤੇ ਲੜਕੀਆਂ ਨੂੰ ਸਵੈ ਰੱਖਿਆ ਵਿੱਚ ਨਿਪੁੰਨ ਬਣਾ ਰਹੀ ਕੋਚ ਗੁਰਵਿੰਦਰ ਕੌਰ ਦਾ “ਪ੍ਰੈਜੀਡੈਂਟਜ਼ ਗੱਤਕਾ ਐਵਾਰਡ” ਨਾਲ ਸਨਮਾਨ ਕੀਤਾ ਗਿਆ। ਇਹ ਸਨਮਾਨ ਗੁਰੂ ਹਰਸਹਾਏ ਵਿਖੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ, ਪੰਜਾਬ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਦਿੱਤਾ ਗਿਆ। ਸੰਤ ਲੀਡਰ ਸਿੰਘ ਜੀ ਦੀ ਗੱਤਕਾ ਅਕੈਡਮੀ ਦੀ ਖਿਡਾਰਣ ਅਕਵਿੰਦਰ ਕੌਰ ਨੂੰ ਵੀ “ਐੱਨ. ਜੀ. ਏ. ਆਈ. ਗੱਤਕਾ ਐਵਾਰਡ” ਨਾਲ ਸਨਮਾਨਤ ਕੀਤਾ ਗਿਆ।

ਵਿਸ਼ਵ ਭਰ ਵਿੱਚ ਗੱਤਕਾ ਪ੍ਰਫੁਲਤ ਕਰਨ ਲਈ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸਿੱਖ ਵਿਰਾਸਤ ਦੀ ਖੇਡ ਗੱਤਕੇ ਦੀ ਪਰਫੁੱਲਤਾ ਲਈ ਭਰਪੂਰ ਯੋਗਦਾਨ ਪਾਉਣ ਅਤੇ ਗੱਤਕਾ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਬਦਲੇ ਸਾਲ 2020 ਅਤੇ ਸਾਲ 2021 ਲਈ ਚਾਰ ਪ੍ਰਮੁੱਖ ਗੱਤਕਾ ਸ਼ਖਸੀਅਤਾਂ ਅਤੇ ਦੋ ਨਾਮਵਰ ਖਿਡਾਰੀਆਂ ਨੂੰ ਵੱਕਾਰੀ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਵੱਕਾਰੀ ਐਵਾਰਡ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਚ ਗੁਰਵਿੰਦਰ ਕੌਰ ਨੇ ਇਸ ਐਵਾਰਡ ਦੀ ਖੁਸ਼ੀ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਸੰਤ ਲੀਡਰ ਸਿੰਘ ਜੀ ਅਤੇ ਆਪਣੇ ਮਾਤਾ ਪਿਤਾ ਕੋਲ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕੇ ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਸਾਡੀਆਂ ਧੀਆਂ ਨੂੰ ਆਤਮ ਰੱਖਿਆ ਦੇ ਕਾਬਲ ਬਣਨ ਲਈ ਗੱਤਕਾ ਜ਼ਰੂਰ ਸਿੱਖਣਾ ਚਾਹੀਦਾ ਹੈ। ਉਸ ਦੇ ਨਾਲ ਕਿਸੇ ਨਾ ਕਿਸੇ ਖੇਡ ਵਿੱਚ ਵੀ ਹੱਥ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਅਜਿਹੇ ਕਾਰਜ ਹੀ ਕਰਨੇ ਚਾਹੀਦੇ ਹਨ, ਜਿਸ ਨਾਲ ਮਾਪੇ ਅਤੇ ਇਲਾਕਾ ਉਨ੍ਹਾਂ ‘ਤੇ ਮਾਣ ਅਤੇ ਫਕਰ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਬਹੁਤ ਹੀ ਸਾਦੇ ਪਰਿਵਾਰ ਵਿੱਚੋਂ ਉੱਠ ਕੇ ਅਨੇਕਾਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਸਮਾਜ ਵਿੱਚ ਆਪਣੇ ਹੁਨਰ ਨਾਲ ਸਾਡੀਆਂ ਧੀਆਂ ਅੱਗੇ ਮੀਲ ਪੱਥਰ ਸਥਾਪਤ ਕੀਤਾ ਹੈ। ਉਸ ‘ਤੇ ਹੋ ਰਹੀ ਸਨਮਾਨਾਂ ਦੀ ਵਰਖਾ ਇਹ ਸਾਬਤ ਕਰਦੀ ਹੈ ਕਿ ਉਸ ਵੱਲੋਂ ਆਪਣੇ ਚੁਣੇ ਰਾਹ ਲਈ ਕਿੰਨੇ ਜਨੂੰਨ, ਭਾਵਨਾ, ਨਿਸ਼ਚੇ ਨਾਲ ਸਖਤ ਮਿਹਨਤ, ਸੰਘਰਸ਼ ਕਰਕੇ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਹੈ।