India News

ਘੱਲੂਘਾਰਾ ਦਿਵਸ ਮੌਕੇ ਅਸ਼ਾਂਤੀ ਫੈਲਾਉਣ ਦਾ ਖ਼ਦਸ਼ਾ, ਪਾਕਿ ਨਾਲ ਜੁੜੇ ਅੰਮ੍ਰਿਤਸਰੋਂ ਬਰਾਮਦ ਗ੍ਰਨੇਡ ਦੇ ਤਾਰ

ਅੰਮ੍ਰਿਤਸਰ: ਘੱਲੂਘਾਰਾ ਦਿਵਸ ਨੇੜੇ ਪੰਜਾਬ ‘ਚ ਅਸ਼ਾਂਤੀ ਫੈਲਾਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨੀ ਅੰਮ੍ਰਿਤਸਰ ਤੋਂ ਬਰਾਮਦ ਹੋਏ ਗ੍ਰਨੇਡ ਦੇ ਤਾਰ ਪਾਕਿਸਤਾਨ ਨਾਲ ਜਾ ਜੁੜੇ ਹਨ। ਪੁਲਿਸ ਵੱਲੋਂ ਜਾਰੀ ਜਾਂਚ ਵਿੱਚ ਤੱਥ ਸਾਹਮਣੇ ਆਏ ਹਨ ਕਿ ਪਾਕਿਸਤਾਨ ਵਿੱਚ ਬੈਠੀਆਂ ਭਾਰਤ ਵਿਰੋਧੀ ਜਥੇਬੰਦੀਆਂ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ਦੇ ਕੇ ਪਹਿਲਾਂ ਸਮੱਗਲਿੰਗ ਕਰਵਾਉਂਦੀਆਂ ਸਨ ਤੇ ਹੁਣ ਉਨ੍ਹਾਂ ਰਾਹੀਂ ਹੀ ਹਥਿਆਰ ਭੇਜੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਅੰਮ੍ਰਿਤਸਰ ਦਿਹਾਤੀ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਬਿਕਰਮਜੀਤ ਸਿੰਘ ਦੁੱਗਲ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਬਰਾਮਦ ਹੋਏ ਹੱਥਗੋਲਿਆਂ ਦੇ ਤਾਰ ਨਵੰਬਰ 2018 ਵਿੱਚ ਰਾਜਾਸਾਂਸੀ ਦੇ ਨਿਰੰਕਾਰੀ ਭਵਨ ਵਿੱਚ ਹੋਏ ਬੰਬ ਬਲਾਸਟ ਦੇ ਸਰਗਨਾ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਰਗਰਮ ਮੈਂਬਰ ਹਰਮੀਤ ਸਿੰਘ ਉਰਫ ਹੈਪੀ ਉਰਫ ਪੀਐਚਡੀ ਦੀ ਭੂਮਿਕਾ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ।

ਐਸਐਸਪੀ ਦੁੱਗਲ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੈਪੀ ਉਰਫ਼ ਪੀਐਚਡੀ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ ਤੇ ਜ਼ਰੂਰਤ ਪੈਣ ਤੇ ਨਿਰੰਕਾਰੀ ਕਾਂਡ ਦੇ ਮੁਲਜ਼ਮਾਂ ਤੋਂ ਵੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਮੁਤਾਬਕ ਭਾਵੇਂ ਇਨ੍ਹਾਂ ਗ੍ਰਨੇਡ ਦੇ ਬਰਾਮਦ ਹੋਣ ਦੇ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਹੈ ਪਰ ਪੁਲਿਸ ਵੱਲੋਂ ਚੌਕਸੀ ਜਾਰੀ ਹੈ ਅਤੇ ਛੇਤੀ ਹੀ ਇਹ ਹੱਥਗੋਲੇ ਲਿਜਾ ਰਹੇ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਨੇੜੇ ਸਥਿਤ ਅੱਡਾ ਕੁੱਕੜਾਂ ਵਾਲਾ ਤੋਂ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਹੈਂਡ ਗ੍ਰਨੇਡ ਅਤੇ ਮੋਬਾਈਲ ਫ਼ੋਨ ਬਰਾਮਦ ਕੀਤਾ ਸੀ। ਇਨ੍ਹਾਂ ਹੱਥਗੋਲਿਆਂ ਨੂੰ ਲਿਜਾਣ ਵਾਲੇ ਨੌਜਵਾਨ ਫਰਾਰ ਹੋਣ ਵਿੱਚ ਸਫਲ ਰਹੇ। ਇਸ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਘਰਿੰਡਾ ਨੇੜਿਓਂ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਕੋਲੋਂ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਸਨ। ਪੁਲਿਸ ਨੂੰ ਉਸ ਦੀ ਸ਼ਮੂਲੀਅਤ ਦਾ ਵੀ ਖ਼ਦਸ਼ਾ ਹੈ।