India News

ਚਿੰਮਯਾਨੰਦ ਮਾਮਲੇ ‘ਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਉਣ ਤੋਂ ਇਨਕਾਰ

ਪ੍ਰਯਾਗਰਾਜ
ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਚਿੰਮਯਾਨੰਦ ਜਨਸੀ ਸ਼ੋਸ਼ਣ ਮਾਮਲੇ ਵਿੱਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਦੀ ਅਰਜ਼ੀ ਉੱਤੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਹਾਈ ਕੋਰਟ ਨੇ ਇਸ ਮਾਮਲੇ ਦਾ ਆਪ ਨੋਟਿਸ ਲੈਣ ਤੋਂ ਬਾਅਦ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਮੰਜੂ ਰਾਣੀ ਚੌਹਾਨ ਦੀ ਬੈਂਚ ਨੇ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਆਦੇਸ਼ ਦਿੱਤਾ।
ਪੀੜਤਾ ਲੜਕੀ ਨੇ ਉਸ ਦੀ ਗ੍ਰਿਫ਼ਤਾਰੀ ‘ਤੇ ਰੋਕ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਕਿਹਾ ਕਿ ਜੇ ਪੀੜਤ ਲੜਕੀ ਇਸ ਸੰਬੰਧੀ ਕੋਈ ਰਾਹਤ ਚਾਹੁੰਦੀ ਹੈ ਤਾਂ ਉਹ ਉੱਚ ਬੈਂਚ ਅੱਗੇ ਨਵੀਂ ਪਟੀਸ਼ਨ ਦਾਇਰ ਕਰ ਸਕਦੀ ਹੈ।
ਅਦਾਲਤ ਨੇ ਕਿਹਾ ਕਿ ਇਹ ਬੈਂਚ ਸਿਰਫ਼ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਇਹ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਰੋਕ ਲਾਉਣ ਦਾ ਕੋਈ ਹੁਕਮ ਪਾਸ ਕਰਨਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਕੇਸ ਦੀ ਸੁਣਵਾਈ ਵੇਲੇ ਪੀੜਤ ਵਿਦਿਆਰਥਣ ਵੀ ਅਦਾਲਤ ਵਿੱਚ ਮੌਜੂਦ ਸੀ।
ਅਦਾਲਤ ਨੇ ਚਿੰਮਯਾਨੰਦ ਮਾਮਲੇ ਵਿੱਚ ਐਸਆਈਟੀ ਦੀ ਪ੍ਰਗਤੀ ਰਿਪੋਰਟ ’ਤੇ ਤਸੱਲੀ ਪ੍ਰਗਟਾਈ ਅਤੇ ਅਗਲੀ ਰਿਪੋਰਟ ਦਾਇਰ ਕਰਨ ਲਈ 22 ਅਕਤੂਬਰ, 2019 ਦੀ ਮਿਤੀ ਨਿਰਧਾਰਤ ਕੀਤੀ। ਇਸ ਅਦਾਲਤ ਸਾਹਮਣੇ ਪੀੜਤ ਵਿਦਿਆਰਥਣ ਵੱਲੋਂ ਕੀਤੀ ਦੂਜੀ ਅਪੀਲ ਇਹ ਸੀ ਕਿ ਸੀਆਰਪੀਸੀ ਦੀ ਧਾਰਾ 164 ਅਧੀਨ ਮੈਜਿਸਟਰੇਟ ਸਾਹਮਣੇ ਦਰਜ ਕੀਤਾ ਗਿਆ ਬਿਆਨ ਸਹੀ ਨਹੀਂ ਸੀ ਅਤੇ ਉਸ ਨੂੰ ਨਵਾਂ ਬਿਆਨ ਦਰਜ ਕਰਨ ਦੀ ਆਗਿਆ ਦਿੱਤੀ ਜਾਵੇ। ਪਰ ਅਦਾਲਤ ਨੇ ਵੀ ਉਸ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ।