Punjab News

ਚੰਡੀਗੜ੍ਹ ਚ 2 ਦਿਨਾਂ ਤੋਂ ਪੈ ਰਿਹੈ ਮੀਂਹ, ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ 1161.90 ਫੁੱਟ ਤੱਕ ਪੁੱਜਾ

ਚੰਡੀਗੜ੍ : ਪਿਛਲੇ 2 ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ 1161.90 ਫੁੱਟ ਤੱਕ ਪਹੁੰਚ ਗਿਆ ਹੈ। ਪਿਛਲੀ ਵਾਰ ਫਲੱਡ ਗੇਟ 1162 ਫੁੱਟ ’ਤੇ ਖੋਲ੍ਹੇ ਗਏ ਸਨ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ਹੈ। ਇਸ ਸਬੰਧੀ ਇੰਜੀਨੀਅਰਿੰਗ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਫਲੱਡ ਗੇਟ ਬੰਦ ਹਨ। ਹਾਲਾਂਕਿ ਉਹ ਝੀਲ ਦੇ ਪਾਣੀ ਦੇ ਪੱਧਰ ’ਤੇ ਨਜ਼ਰ ਰੱਖ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੁਖ਼ਨਾ ਦਾ ਫਲੱਡ ਗੇਟ 5 ਅਗਸਤ ਅਤੇ 31 ਜੁਲਾਈ ਨੂੰ ਖੋਲ੍ਹਣਾ ਪਿਆ ਸੀ।

ਸੁਖ਼ਨਾ ਝੀਲ ਦਾ ਫਲੱਡ ਗੇਟ 17 ਜੁਲਾਈ ਨੂੰ ਵੀ ਖੋਲ੍ਹਿਆ ਗਿਆ ਸੀ। ਉਦੋਂ ਮੀਂਹ ਤੋਂ ਬਾਅਦ ਝੀਲ ਦੇ ਪਾਣੀ ਦਾ ਪੱਧਰ 1162.45 ਤੱਕ ਪਹੁੰਚ ਗਿਆ ਸੀ। ਫਲੱਡ ਗੇਟ ਖੋਲ੍ਹਣ ਸਮੇਂ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਸੁਖ਼ਨਾ ਚੋਅ ਦੇ ਆਸ-ਪਾਸ ਕੋਈ ਨਾ ਹੋਵੇ। ਇਸ ਤੋਂ ਇਲਾਵਾ ਸੁਖ਼ਨਾ ਚੋਅ ਪੂਰੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ, ਤਾਂ ਜੋ ਪਾਣੀ ਦੀ ਨਿਕਾਸੀ ਵਿਚ ਕੋਈ ਦਿੱਕਤ ਨਾ ਆਵੇ।

ਦੱਸ ਦੇਈਏ ਕਿ 2020 ਵਿਚ ਪਾਣੀ ਦਾ ਪੱਧਰ 1163.40 ਫੁੱਟ ’ਤੇ ਪਹੁੰਚਣ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖ਼ਨਾ ਚੋਅ ਵੀ ਓਵਰਫਲੋਅ ਹੋ ਗਿਆ ਸੀ। ਇਸ ਕਾਰਨ ਬਲਟਾਣਾ ਦੇ ਇਲਾਕੇ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਸੀ। ਇਹੀ ਕਾਰਨ ਹੈ ਕਿ ਪਿਛਲੇ ਸਾਲ ਪ੍ਰਸ਼ਾਸਨ ਨੇ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਫਲੱਡ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ।