World

ਜਗਮੀਤ ਸਿੰਘ ਨੇ ਕੈਨੇਡੀਅਨ ਸਿਆਸਤ ‘ਚ ਬਣਾਈ ਵੱਖਰੀ ਪਛਾਣ

ਓਟਾਵਾ — ਕੈਨੇਡਾ ਦੀ ਸਿਆਸਤ ‘ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸਿੱਖ ਚਿਹਰੇ ਜਗਮੀਤ ਸਿੰਘ ਤੋਂ ਹਰ ਕੋਈ ਵਾਕਿਫ ਹੈ। ਜਗਮੀਤ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਬਣਿਆਂ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਉਨ੍ਹਾਂ ਨੇ 1 ਅਕਤੂਬਰ 2017 ਨੂੰ ਕੌਮਾਂਤਰੀ ਪੱਧਰ ‘ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਦੋਂ ਉਹ ਕੈਨੇਡੀਅਨ ਰਾਜਨੀਤਕ ਪਾਰਟੀ ਦੀ ਲੀਡਰਸ਼ਿਪ ਲਈ ਚੁਣੇ ਗਏ। ਜਗਮੀਤ ਸਿੰਘ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੀ ਅਗਵਾਈ ਕਰ ਰਹੇ ਹਨ। ਓਧਰ ਕੈਨੇਡੀਅਨ ਮੀਡੀਆ ਨੇ ਜਗਮੀਤ ਦੀ ਇਸ ਜਿੱਤ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ।

ਜਗਮੀਤ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇਕ ਖਰਾਬ ਸੁਪਨੇ ਵਾਂਗ ਹਨ। ਇਹ ਗੱਲ ਇੱਥੇ ਇਸ ਲਈ ਆਖੀ ਜਾ ਰਹੀ ਹੈ, ਕਿਉਂਕਿ 21 ਅਕਤੂਬਰ 2019 ਨੂੰ ਕੈਨੇਡੀਅਨ ਫੈਡਰਲ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ‘ਚ ਜਗਮੀਤ ਸਿੰਘ, ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ। ਬਸ ਇੰਨਾ ਹੀ ਨਹੀਂ, ਅਕਤੂਬਰ 2017 ਦੇ ਅਖੀਰ ਤਕ ਉਨ੍ਹਾਂ ਕੋਲ ਰਾਸ਼ਟਰੀ ਪ੍ਰਵਾਨਗੀ ਰੇਟਿੰਗ 40 ਫੀਸਦੀ ਸੀ। ਜਗਮੀਤ ਸਿੰਘ ਹਾਊਸ ਆਫ ਕਾਮਨਜ਼ ਲਈ ਚੁਣੇ ਜਾਣ ਲਈ ਕੈਨੇਡਾ ਦੇ ਸ਼ਹਿਰ ਬਾਰਨਬਾਏ ਸਾਊਥ ਤੋਂ ਜ਼ਿਮਨੀ ਚੋਣ ਲੜਨਗੇ।

ਇੱਥੇ ਦੱਸ ਦੇਈਏ ਕਿ ਜਗਮੀਤ ਨੇ ਕੈਨੇਡਾ ‘ਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2011 ਵਿਚ ਕੀਤੀ। ਉਹ ਸੂਬਾਈ ਓਂਟਾਰੀਓ ‘ਚ ਸੰਸਦ ਮੈਂਬਰ ਰਹਿ ਚੁੱਕੇ ਹਨ। ਸਿਆਸਤ ‘ਚ ਆਉਣ ਤੋਂ ਪਹਿਲਾਂ ਉਹ ਕੈਨੇਡਾ ਵਿਚ ਨਾਮਵਰ ਵਕੀਲ ਰਹੇ ਹਨ। ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਤੋਂ ਉਨ੍ਹਾਂ ਨੇ ਬੀ. ਐੱਸ. ਸੀ. ਅਤੇ ਯੌਰਕ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਜਗਮੀਤ ਦਾ ਪਿਛੋਕੜ ਪੰਜਾਬ ਦੇ ਜ਼ਿਲੇ ਲੁਧਿਆਣਾ ਤੋਂ ਹੈ। 2 ਜਨਵਰੀ 1979 ਨੂੰ ਜਨਮੇ ਜਗਮੀਤ ਸਿੰਘ ਨੇ ਮਹਿਜ਼ 39 ਸਾਲ ਦੀ ਉਮਰ ਵਿਚ ਸਿਆਸਤ ‘ਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ।