India News

ਜਥੇਦਾਰ ਵੱਲੋਂ ਮੋਦੀ ਸਰਕਾਰ ਨੂੰ ਚੇਤਾਵਨੀ

ਅੰਮ੍ਰਿਤਸਰ: ਤਖ਼ਤ ਸਹਿਬਾਨ ਦੇ ਜਥੇਦਾਰਾਂ ਵੱਲੋਂ ਮੋਦੀ ਸਰਕਾਰ ਨੂੰ ਚੇਤਾਵਨੀ ਜਿੱਤੀ ਗਈ ਹੈ ਕਿ ਜੇਕਰ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦਾ ਡੇਢ ਮਹੀਨੇ ਅੰਦਰ ਕੋਈ ਨਿਬੇੜਾ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਫੈਸਲਾ ਲਿਆ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਅੱਜ ਪੰਜ ਸਾਹਿਬਾਨ ਦੀ ਅਹਿਮ ਇਕੱਤਰਤਾ ਹੋਈ। ਇਸ ਵਿੱਚ ਚੰਡੀਗੜ੍ਹ ਵਿੱਚ ਸਿੱਖ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕੀਤੇ ਜਾਣ ਸਮੇਤ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਨੁਸਾਰ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਸਿੱਖ ਟੋਪੀ ਜਾਂ ਹੈਲਮੇਟ ਨਹੀਂ ਪਹਿਨ ਸਕਦਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਡੀਗੜ੍ਹ ਪ੍ਰਸਾਸ਼ਨ ਦੇ ਇਸ ਫੈਸਲੇ ਖਿਲਾਫ ਕਾਨੂੰਨੀ ਲੜਾਈ ਲੜਨ ਦੇ ਆਦੇਸ਼ ਦਿੱਤੇ।

ਜਥੇਦਾਰ ਨੇ ਰਾਜੋਆਣਾ ਕੇਸ ਸਬੰਧੀ ਸ਼੍ਰੋਮਣੀ ਕਮੇਟੀ ਵਫਦ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਭੁੱਖ ਹੜਤਾਲ ਖਤਮ ਕੀਤੇ ਜਾਣ ਲਈ ਰਾਜੋਆਣਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਆਉਂਦੇ ਡੇਢ ਮਹੀਨੇ ਵਿੱਚ ਇਸ ਸਬੰਧੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਜਥੇਦਾਰ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਡੇਢ ਮਹੀਨੇ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਫੈਸਲਾ ਲਿਆ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀਂ ਧਰਮੀ ਫੌਜੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਦਿੱਤੇ ਗਏ ਮੰਗ ਪੱਤਰ ਬਾਰੇ ਕਿਹਾ ਕਿ ਇਸ ਸਬੰਧੀ ਅਗਲੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿੱਚੋਂ ਮਨਪ੍ਰੀਤ ਬਾਦਲ ਤੇ ਰਜਿੰਦਰ ਕੌਰ ਭੱਠਲ ਵੱਲੋਂ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਾ ਹੋਣ ਸਬੰਧੀ ਜਥੇਦਾਰ ਨੇ ਅਰਜੁਨ ਬਾਦਲ ਤੇ ਭੱਠਲ ਨੂੰ ਜਲਦ ਤੋਂ ਜਲਦ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਅੱਜ ਦੀ ਬੈਠਕ ਵਿੱਚ ਜਿਲ੍ਹਾ ਗੰਗਾਨਗਰ ਦੇ ਪਿੰਡ ਬੁੱਢਾ ਜੋਹੜ ਵਿਖੇ ਸਥਿਤ ਸ਼ਹੀਦ ਨਗਰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਸੰਵਿਧਾਨ ਭੰਗ ਕਰਕੇ 6 ਮਹੀਨੇ ਅੰਦਰ ਸਹਿਮਤੀ ਨਾਲ ਨਵੀਂ ਕਮੇਟੀ ਚੁਣਨ ਦਾ ਆਦੇਸ਼ ਦਿੱਤਾ।

ਪਿਛਲੇ ਕੁਝ ਦਿਨਾਂ ਤੋਂ ਸਤਿਕਾਰ ਕਮੇਟੀ ਤੇ ਨਿਹੰਗ ਜਥੇਬੰਦੀਆਂ ਦਰਮਿਆਨ ਚੱਲ ਰਹੇ ਵਿਵਾਦ ਨੂੰ ਖਤਮ ਕਰਕੇ ਇੱਕ ਦੂਜੇ ਖਿਲਾਫ ਦੂਸ਼ਣਬਾਜੀ ਨਾ ਕਰਨ ਦਾ ਆਦੇਸ਼ ਵੀ ਦਿੱਤਾ। ਮਲੋਟ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਸਤਾਰ ਦੀ ਬੇਅਦਬੀ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਚਰਚਾ ਕਰਨ ਦੀ ਗੱਲ ਆਖੀ।