World

ਜਸਪਾਲ ਅਟਵਾਲ ਫਿਰ ਸੁਰਖੀਆਂ ‘ਚ, ਲੱਗੇ ਧਮਕੀਆਂ ਦੇਣ ਦੇ ਦੋਸ਼

ਸਰੀ— ਭਾਰਤ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਉਨ੍ਹਾਂ ਦੀ ਪਤਨੀ ਸੋਫੀ ਨਾਲ ਫੋਟੋਆਂ ਕਾਰਨ ਇਸ ਸਾਲ ਸੁਰਖੀਆਂ ‘ਚ ਆਏ ਜਸਪਾਲ ਅਟਵਾਲ ‘ਤੇ ਧਮਕੀਆ ਦੇਣ ਦਾ ਦੋਸ਼ ਲਾਇਆ ਗਿਆ। ਇਸ ਸਬੰਧ ‘ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।
ਕੋਰਟ ਦੇ ਰਿਕਾਰਡਾਂ ‘ਚ ਸਰੀ, ਬੀ.ਸੀ. ਦੇ ਰਹਿਣ ਵਾਲੇ ਜਸਪਾਲ ਅਟਵਾ ‘ਤੇ 23 ਅਪ੍ਰੈਲ ਦੀ ਇਕ ਘਟਨਾ ਦੇ ਸਬੰਧ ‘ਚ ਕਤਲ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਗਿਆ ਸੀ। ਇਕ ਹੋਰ ਸੂਤਰ ਨੇ ਪੁਸ਼ਟੀ ਕੀਤੀ ਕਿ ਇਹ ਉਹੀ ਅਟਵਾਲ ਹੈ, ਜਿਸ ‘ਤੇ 1986 ‘ਚ ਇਕ ਭਾਰਤੀ ਆਗੂ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਹੈ। ਫਰਵਰੀ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਅਟਵਾਲ ਦੀ ਤਸਵੀਰ ਟਰੂਡੋ ਦੀ ਪਤਨੀ ਨਾਲ ਵਾਇਰਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਸਨ। ਪਰ ਅਟਵਾਲ ਨੇ ਇਸ ਸਭ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦਾ ਸਬੰਧ ਕਿਸੇ ਵੱਖਵਾਦੀ ਸੰਗਠਨ ਨਾਲ ਨਹੀਂ ਹੈ ਤੇ ਉਹ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਬਿਤਾ ਰਹੇ ਹਨ।
ਮਾਰਚ ‘ਚ ਅਟਵਾਲ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇਸ ਯਾਤਰਾ ਦੀ ਆਗਿਆ ਇਸ ਲਈ ਦਿੱਤੀ ਗਈ ਕਿਉਂਕਿ ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਤੇ ਭਾਰਤ ਵਲੋਂ ਬੀਤੇ ਸਾਲ ਉਨ੍ਹਾਂ ਨੂੰ ਤਿੰਨ ਵੀਜ਼ੇ ਦਿੱਤੇ ਗਏ ਸਨ। ਇਸ ਮਾਮਲੇ ‘ਚ ਅਟਵਾਲ ਦੀ 24 ਮਈ ਨੂੰ ਪੇਸ਼ੀ ਦੀ ਸੰਭਾਵਨਾ ਹੈ।